ਸਸਤਾ ਹੋ ਸਕਦਾ ਹੈ ਪਿਆਜ਼, 1000 ਟਨ ਹੋਣ ਜਾ ਰਿਹਾ ਹੈ ਦਰਾਮਦ

11/20/2019 8:14:39 AM

ਨਵੀਂ ਦਿੱਲੀ— ਦੇਸ਼ 'ਚ ਪਿਆਜ਼ ਦੀ ਕਿੱਲਤ ਅਤੇ ਮਹਿੰਗਾਈ ਦਰਮਿਆਨ ਕੁਝ ਨਿੱਜੀ ਵਪਾਰੀਆਂ ਨੇ ਇਸ ਦੀ ਦਰਾਮਦ ਲਈ ਆਰਡਰ ਦੇ ਦਿੱਤਾ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਬਾਹਰੋਂ ਘੱਟ-ਘੱਟ 1,000 ਟਨ ਪਿਆਜ਼ ਆਉਣ ਦੀ ਉਮੀਦ ਹੈ। ਇਕ ਉੱਚ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।



ਉਮੀਦ ਹੈ ਕਿ ਇਸ ਨਾਲ ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੇਗੀ। ਫਿਲਹਾਲ ਕਈ ਜਗ੍ਹਾ ਪ੍ਰਚੂਨ ਬਾਜ਼ਾਰ 'ਚ ਪਿਆਜ਼ 60 ਰੁਪਏ ਕਿਲੋ ਤੋਂ ਉੱਪਰ ਚੱਲ ਰਿਹਾ ਹੈ। ਦਿੱਲੀ 'ਚ ਇਕ ਹਫਤਾ ਪਹਿਲਾਂ ਤੱਕ ਪ੍ਰਚੂਨ 'ਚ ਪਿਆਜ਼ ਦਾ ਮੁੱਲ 100 ਰੁਪਏ ਕਿਲੋ ਤੱਕ ਪਹੁੰਚ ਗਿਆ ਸੀ। ਹਾਲਾਂਕਿ ਸਰਕਾਰ ਦੀਆਂ ਵੱਖ-ਵੱਖ ਕੋਸ਼ਿਸ਼ਾਂ ਤੋਂ ਬਾਅਦ ਕੀਮਤਾਂ 'ਚ ਥੋੜ੍ਹੀ ਨਰਮੀ ਆਈ ਹੈ।

ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਪਿਆਜ਼ ਕਾਰੋਬਾਰੀਆਂ ਨੇ ਸਰਕਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਥੋੜ੍ਹੀ ਮਾਤਰਾ 'ਚ ਪਿਆਜ਼ ਦੀ ਦਰਾਮਦ ਕੀਤੀ ਹੈ। ਕਾਰੋਬਾਰੀਆਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਆਰਡਰ 'ਤੇ 1,000 ਟਨ ਪਿਆਜ਼ ਇਸ ਮਹੀਨੇ ਦੇ ਅੰਤ ਤੱਕ ਅਤੇ ਕੁਝ ਹੋਰ ਖੇਪ ਅਗਲੇ ਮਹੀਨੇ ਤੱਕ ਦੇਸ਼ 'ਚ ਆ ਜਾਵੇਗੀ। ਪਿਆਜ਼ ਦੀ ਸਪਲਾਈ ਵਧਣ ਨਾਲ ਮੁੱਲ ਘਟਣ ਦੀ ਉਮੀਦ ਹੈ। ਸਰਕਾਰੀ ਮਾਲਕੀ ਵਾਲੀ ਕੰਪਨੀ ਐੱਮ. ਐੱਮ. ਟੀ. ਸੀ. ਨੇ ਹਾਲ ਹੀ 'ਚ 4,000 ਟਨ ਪਿਆਜ਼ ਦੀ ਦਰਾਮਦ ਲਈ ਬੋਲੀਆਂ ਮੰਗੀਆਂ ਸਨ।ਪਿਆਜ਼ ਦੀ ਉਪਲਬਧਤਾ ਨੂੰ ਬਿਹਤਰ ਬਣਾਉਣ ਅਤੇ ਮੁੱਲ 'ਤੇ ਲਗਾਮ ਲਾਉਣ ਲਈ ਸਰਕਾਰ ਨੇ ਐੱਮ. ਐੱਮ. ਟੀ. ਸੀ. ਰਾਹੀਂ 1 ਲੱਖ ਟਨ ਪਿਆਜ਼ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ।


Related News