ਕਦਮ-ਕਦਮ ’ਤੇ ਹੋ ਰਿਹਾ ਰਿਸ਼ਤਿਆਂ ਦਾ ਖੂਨ ‘ਇਹ ਹੈ ਭਾਰਤ ਦੇਸ਼ ਸਾਡਾ!

Thursday, May 09, 2024 - 05:23 AM (IST)

ਕਦਮ-ਕਦਮ ’ਤੇ ਹੋ ਰਿਹਾ ਰਿਸ਼ਤਿਆਂ ਦਾ ਖੂਨ ‘ਇਹ ਹੈ ਭਾਰਤ ਦੇਸ਼ ਸਾਡਾ!

ਅਸੀਂ  ਪਹਿਲਾਂ ਵੀ ਲਿਖਦੇ ਰਹੇ ਹਾਂ ਅਤੇ ਅੱਜ ਫਿਰ ਲਿਖ ਰਹੇ ਹਾਂ ਕਿ ਭਾਰਤੀ ਸਮਾਜ ’ਚ ਨੈਤਿਕ  ਪਤਨ ਵਧਦਾ ਜਾ ਰਿਹਾ ਹੈ ਅਤੇ ਚੰਦ ਲੋਕ ਰਿਸ਼ਤਿਆਂ ਦੀ ਮਰਿਆਦਾ ਨੂੰ ਤਾਰ-ਤਾਰ ਕਰ ਕੇ  ਮਨੁੱਖਤਾ ਨੂੰ ਕਲੰਕਿਤ ਕਰ ਰਹੇ ਹਨ ਪਰ ਇਹ ਬੁਰਾਈ ਰੁਕਣ ’ਚ ਨਹੀਂ ਆ ਰਹੀ, ਜਿਸ ਦੀਆਂ  ਚੰਦ ਉਦਾਹਰਣਾਂ ਹੇਠਾਂ ਦਰਜ ਹਨ : 
* 21 ਅਪ੍ਰੈਲ, 2024 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ  ’ਚ ਇਕ ਵਿਅਕਤੀ ਨੂੰ ਆਪਣੀ 19 ਸਾਲਾ ਬੇਟੀ ਨਾਲ ਲਗਾਤਾਰ 4 ਸਾਲ ਜਬਰ-ਜ਼ਨਾਹ ਕਰਨ ਅਤੇ  ਇਸ ਦੌਰਾਨ ਉਸ ਦਾ ਤਿੰਨ ਵਾਰ ਗਰਭਪਾਤ ਕਰਵਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। 4  ਸਾਲ ਪਹਿਲਾਂ ਆਪਣੀ ਪਤਨੀ ਦੀ ਮੌਤ ਦੇ ਸਮੇਂ ਤੋਂ ਹੀ ਉਸ ਨੇ ਆਪਣੀ ਬੇਟੀ ’ਤੇ ਬੁਰੀ  ਨਜ਼ਰ ਰੱਖੀ ਹੋਈ ਸੀ।
* 25 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ‘ਬੁਰਹਾਨਪੁਰ’ ’ਚ ਪੁਲਸ  ਨੇ ਇਕ 13 ਸਾਲਾ ਨਾਬਾਲਿਗ ਦੀ ਸ਼ਿਕਾਇਤ ’ਤੇ ਉਸ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼  ’ਚ ਉਸ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ।
* 28 ਅਪ੍ਰੈਲ ਨੂੰ ਬਿਹਾਰ ਦੇ ‘ਬਾਂਕਾ’ ’ਚ  ਇਕ ਵਿਅਕਤੀ ਦੀ ਪਤਨੀ ਦੀ ਮੌਤ ਪਿੱਛੋਂ ਉਸ ’ਤੇ ਆਪਣੀ ਸੱਸ ਨਾਲ ਇਸ਼ਕ ਦਾ ਅਜਿਹਾ ਭੂਤ  ਚੜ੍ਹਿਆ ਕਿ ਦੋਵਾਂ ਨੇ ਰਿਸ਼ਤੇ ਦੀ ਹੱਦ ਪਾਰ ਕਰ ਕੇ ਆਪਸ ’ਚ ਵਿਆਹ ਕਰਨ ਦਾ ਫੈਸਲਾ ਕਰ  ਲਿਆ। ਇਸ ਤੋਂ  ਵੀ ਵਧ ਕੇ ਹੈਰਾਨੀ ਦੀ ਗੱਲ ਇਹ ਹੈ ਕਿ ਜਦ ਔਰਤ ਦੇ ਪਤੀ ਨੂੰ ਇਸ ਦਾ  ਪਤਾ ਲੱਗਾ ਤਾਂ ਉਸ ਨੇ ਖੁਸ਼ੀ-ਖੁਸ਼ੀ  ਆਪਣੇ ਜਵਾਈ ਦਾ ਵਿਆਹ  ਆਪਣੀ ਪਤਨੀ ਨਾਲ ਕਰਵਾ  ਦਿੱਤਾ।
*30 ਅਪ੍ਰੈਲ ਨੂੰ ਹਰਿਆਣਾ ’ਚ ਪਾਨੀਪਤ ਦੇ ਖੋਤਾਪੁਰ ਪਿੰਡ ’ਚ ‘ਪ੍ਰੀਤਮ  ਪੁਰਸ਼ੋਤਮ’ ਨਾਂ ਦੇ ਇਕ ਵਿਅਕਤੀ ਨੇ ਆਪਣੇ ਸੌਂ ਰਹੇ ਭਾਣਜੇ ਪ੍ਰਕਾਸ਼ ਕੁਮਾਰ ਦੇ ਸਿਰ ਅਤੇ  ਮੂੰਹ ’ਤੇ ਕੁਹਾੜੀ ਨਾਲ ਵਾਰ ਕਰ ਕੇ ਉਸ ਦੀ ਜਾਨ ਲੈ ਲਈ।
* 5 ਮਈ ਨੂੰ ਕਰਨਾਟਕ ਦੇ  ਉੱਤਰ ਕੰਨੜ ਜ਼ਿਲੇ ਦੇ ‘ਦਾਂਡੇਲੀ ਤਾਲੁਕ’ ’ਚ ਇਕ 26 ਸਾਲਾ ਔਰਤ ਨੇ ਪਤੀ ਨਾਲ ਝਗੜਾ  ਹੋਣ ’ਤੇ ਗੁੱਸੇ ’ਚ ਆ ਕੇ  ਆਪਣੇ 6 ਸਾਲਾ ਬੋਲਣ ਤੋਂ ਲਾਚਾਰ ਦਿਵਿਆਂਗ ਬੇਟੇ ਨੂੰ  ਮਗਰਮੱਛਾਂ ਨਾਲ ਭਰੀ ਨਦੀ ’ਚ ਸੁੱਟ ਕੇ ਮਾਰ ਦਿੱਤਾ। ਔਰਤ ਨੇ ਇਹ ਕਦਮ  ਪਤੀ ਵਲੋਂ ਬੱਚੇ  ਦੇ ਬੋਲ ਨਾ ਸਕਣ ’ਤੇ ਵਾਰ-ਵਾਰ  ਮਿਹਣੇ  ਦੇਣ  ਅਤੇ  ਝਗੜਾ  ਕਰਨ  ਤੋਂ  ਤੰਗ  ਆ  ਕੇ   ਚੁੱਕਿਆ। 
*5 ਮਈ ਨੂੰ ਹੀ ਛੱਤੀਸਗੜ੍ਹ ’ਚ ਇਕ ਲੜਕੀ ਨੇ ਫੋਨ ’ਤੇ ਲੜਕਿਆਂ ਨਾਲ  ਗੱਲ ਕਰਨ ਤੋਂ ਡਾਂਟਣ ’ਤੇ ਆਪਣੇ ਸੌਂ ਰਹੇ ਵੱਡੇ ਭਰਾ ਨੂੰ ਕੁਹਾੜੀ ਨਾਲ ਵੱਢ ਕੇ ਮਾਰ  ਦਿੱਤਾ। ਫਿਰ ਉਸ ਨੇ ਤਾਲਾਬ ’ਤੇ ਜਾ ਕੇ  ਆਪਣੇ ਖੂਨ ਨਾਲ ਲਿੱਬੜੇ ਕੱਪੜੇ ਧੋਤੇ ਅਤੇ  ਅਨਜਾਣ ਬਣ  ਕੇ ਦਿਖਾਵੇ ਦੇ ਹੰਝੂ ਵਹਾਉਣ ਲੱਗੀ।
* 5 ਮਈ ਨੂੰ ਹੀ ਰਾਜਸਥਾਨ ਦੇ  ‘ਕੋਟਾ’ ’ਚ 2 ਭਰਾਵਾਂ ਦਰਮਿਆਨ ਮੋਟਰਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ’ਚ  ‘ਸਾਂਵਰਾ ਭੀਲ’ ਨਾਂ ਦੇ ਨੌਜਵਾਨ ਨੇ ਆਪਣੇ ਛੋਟੇ ਭਰਾ ਮਨੋਜ ਨੂੰ ਕੁਹਾੜੀ ਨਾਲ ਵੱਢ  ਦਿੱਤਾ।
* 5 ਮਈ ਨੂੰ ਹੀ ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਪੜ੍ਹ ਰਹੇ ਇਟਾਵਾ ਦੇ ਇਕ  ਵਿਦਿਆਰਥੀ ਨਾਲ ਦਬੰਗਾਂ ਨੇ ਲੈਣ-ਦੇਣ ਦੇ ਮਾਮਲੇ ’ਚ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ  ਪਾਰ ਕਰਦਿਆਂ ਪਹਿਲਾਂ ਤਾਂ ਉਸ ਨੂੰ ਕਮਰੇ ’ਚ ਬੰਦੀ ਬਣਾ ਕੇ ਨੰਗਾ ਕਰ ਕੇ ਕੁੱਟਿਆ,  ਅੱਗ ਨਾਲ ਸਾੜਿਆ ਅਤੇ ਉਸ ਪਿੱਛੋਂ ਵੀ ਜੀਅ ਨਾ ਭਰਿਆ ਤਾਂ ਉਸ ਦੇ ਨਾਜ਼ੁਕ ਅੰਗ ’ਚ ਇੱਟ  ਬੰਨ੍ਹ ਕੇ ਲਟਕਾ ਦਿੱਤੀ।
* 5 ਮਈ ਨੂੰ ਹੀ ਉੱਤਰ ਪ੍ਰਦੇਸ਼ ਦੇ ‘ਹਮੀਰਪੁਰ’ ’ਚ ਇਕ  ਵਿਅਕਤੀ ਨੇ ਜ਼ੁਲਮ ਦੀਆਂ ਹੱਦਾਂ ਪਾਰ ਕਰਦਿਆਂ ਆਪਣੀ ਪਤਨੀ ਦੀ ਛਾਤੀ ’ਤੇ ਪੇਚਕੱਸ  ਨਾਲ ਆਪਣਾ ਨਾਂ ਗੋਦਣ ਪਿੱਛੋਂ ਪਲਾਸ ਨਾਲ ਉਸ ਦੀਆਂ ਹੱਥਾਂ ਦੀਆਂ ਉਂਗਲਾਂ ਦੇ ਨਹੁੰ  ਵੀ ਪੁੱਟ ਦਿੱਤੇ।
* 5 ਮਈ ਨੂੰ ਹੀ ਬਿਹਾਰ ਦੇ ‘ਮੁਜ਼ੱਫਰਪੁਰ’ ’ਚ ਡਾਇਣ ਦਾ ਦੋਸ਼ ਲਾ ਕੇ ਇਕ ਵਿਅਕਤੀ ਨੇ ਆਪਣੀ ਸੌਂ ਰਹੀ ਭਾਬੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
* 5 ਮਈ ਨੂੰ ਹੀ ਹਰਿਆਣਾ ’ਚ ਹਿਸਾਰ ਦੇ ਆਦਮਪੁਰ ’ਚ ਕਮਲ ਨਾਂ ਦੇ ਇਕ ਵਿਅਕਤੀ ਨੇ  ਆਪਣੀ ਮਾਂ ਰੋਸ਼ਨੀ ਦੇਵੀ ਦੇ ਚਾਲ-ਚਲਣ ’ਤੇ ਸ਼ੱਕ ਕਰਦੇ ਹੋਏ ਉਸ ਨੂੰ ਗੋਲੀ ਮਾਰ ਦਿੱਤੀ  ਅਤੇ ਉਸ ਦੇ ਬਾਅਦ ਆਪਣੀ ਪਤਨੀ ਦੇ ਕੋਲ ਜਾ ਕੇ ਬੋਲਿਆ, ‘‘ ਮੈਂ ਮਾਂ ਨੂੰ ਮਾਰ ਦਿੱਤਾ  ਅਤੇ ਉਹ ਗਲੀ ’ਚ ਪਈ ਹੈ।’’
* 5 ਮਈ ਨੂੰ ਹੀ ਹਰਿਆਣਾ ਦੇ ਸੋਨੀਪਤ ’ਚ ਗੁਲਸ਼ਨ ਨਾਂ  ਦੇ ਨੌਜਵਾਨ ਨੇ ਆਪਣੇ ਵੱਡੇ ਭਰਾ ਵਿਪਨ ਦਾ ਮੋਬਾਈਲ ਲੈ ਲਿਆ ਤਾਂ ਨਸ਼ੇ ’ਚ ਧੁੱਤ ਵੱਡੇ ਭਰਾ  ਨੇ ਡੰਡੇ ਨਾਲ ਉਸ ਦੀ ਮਾਰ-ਕੁੱਟ  ਕਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ।
* 6 ਮਈ ਨੂੰ ਉੱਤਰ ਪ੍ਰਦੇਸ਼ ਦੇ ਬਿਜਨੌਰ ’ਚ ਪ੍ਰੇਮ ਵਿਆਹ ਕਰਨ ਵਾਲੀ ਇਕ ਔਰਤ ਨੇ ਪਹਿਲਾਂ ਤਾਂ  ਦੁੱਧ ’ਚ ਨਸ਼ਾ ਮਿਲਾ ਕੇ ਪਤੀ ਨੂੰ ਬੇਹੋਸ਼ ਕਰ ਕੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ  ਫਿਰ ਉਸ ਦੇ ਗੁਪਤ ਅੰਗ ਅਤੇ ਸਰੀਰ ਦੇ ਹੋਰ ਹਿੱਸਿਆਂ ਨੂੰ ਜਲਦੀ ਹੋਈ ਸਿਗਰੇਟ ਨਾਲ ਦਾਗਿਆ ਅਤੇ ਚਾਕੂ ਨਾਲ ਗੁਪਤ ਅੰਗ ਕੱਟਣ ਦਾ ਯਤਨ ਕੀਤਾ।
ਉਕਤ ਘਟਨਾਵਾਂ ਮੰਗ  ਕਰਦੀਆਂ ਹਨ ਕਿ ਸਮਾਜ ਦੇ ਸੂਝਵਾਨ ਲੋਕ, ਖਾਸ ਕਰ ਕੇ ਬਜ਼ੁਰਗ ਇਸ ਮਾਮਲੇ ’ਚ ਅੱਗੇ ਆ  ਕੇ  ਲੋਕਾਂ ਨੂੰ ਸਿੱਖਿਅਤ ਕਰਨ। ਇਸ ਦੇ ਨਾਲ ਹੀ ਸਾਡੇ ਸੰਤ- ਮਹਾਤਮਾ, ਜਿਨ੍ਹਾਂ ਦਾ ਲੋਕ  ਬਹੁਤ ਆਦਰ ਕਰਦੇ ਹਨ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਂਦੇ ਹਨ,  ਲੋਕਾਂ  ਨਾਲ ਕੋਈ ਵੀ ਅਨੈਤਿਕ ਕੰਮ ਨਾ ਕਰਨ ਦਾ ਪ੍ਰਣ ਲੈਣ। ਇਸ ਦੇ ਨਾਲ ਹੀ ਇਸ ਤਰ੍ਹਾਂ ਦੇ  ਆਚਰਣ ’ਚ ਸ਼ਾਮਲ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।    

–ਵਿਜੇ ਕੁਮਾਰ


author

Inder Prajapati

Content Editor

Related News