ਹੁਣ ਤੁਹਾਡਾ PPF ਖਾਤਾ ਹੋਵੇਗਾ ਪੂਰੀ ਤਰ੍ਹਾਂ ਸੁਰੱਖਿਅਤ, ਸਰਕਾਰ ਨਹੀਂ ਕਰ ਸਕੇਗੀ ਜ਼ਬਤ

12/18/2019 1:04:39 PM

ਨਵੀਂ ਦਿੱਲੀ — ਕਿਸੇ ਮੁਕੱਦਮੇ ਜਾਂ ਕਿਸੇ ਸਰਕਾਰੀ ਕਾਰਵਾਈ ਦੇ ਤਹਿਤ ਜੇਕਰ ਤੁਹਾਡੀ ਪੂਰੀ ਜਾਇਦਾਦ ਨੂੰ ਜ਼ਬਤ ਕਰਨ ਦਾ ਆਦੇਸ਼ ਦਿੱਤਾ ਜਾਂਦਾ ਹੈ ਤਾਂ ਵੀ ਤੁਹਾਡਾ PPF ਖਾਤਾ ਜ਼ਬਤ ਨਹੀਂ ਹੋ ਸਕਦਾ ਹੈ। ਇਸ ਦੀ ਜਾਣਕਾਰੀ ਸਰਕਾਰ ਦੇ ਨਵੇਂ ਨਿਰਦੇਸ਼ਾਂ 'ਚ ਦਿੱਤੀ ਗਈ ਹੈ। ਸਰਕਾਰ ਨੇ ਨਵੇਂ ਪਬਲਿਕ ਪ੍ਰਾਵੀਡੈਂਟ ਫੰਡ(PPF) ਨਿਯਮਾਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਨੋਟੀਫਿਕੇਸ਼ਨ ਦੇ ਤਹਿਤ PPF 'ਚ ਜਮ੍ਹਾ ਪੈਸੇ ਨੂੰ ਜ਼ਬਤ ਨਹੀਂ ਕੀਤਾ ਜਾ ਸਕਦਾ ਹੈ। ਪਬਲਿਕ ਪ੍ਰਾਵੀਡੈਂਟ ਫੰਡ ਸਕੀਮ-2019 ਦੇ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ PPF ਨਾਲ ਜੁੜੇ ਪਿਛਲੇ ਸਾਰੇ ਨਿਯਮ ਤੁਰੰਤ ਪ੍ਰਭਾਵ ਨਾਲ ਬੇਅਸਰ ਹੋ ਗਏ। ਨਵੇਂ ਨਿਯਮਾਂ ਦੇ ਤਹਿਤ PPF 'ਚ ਜਮ੍ਹਾਂ ਰਾਸ਼ੀ ਨੂੰ ਜ਼ਬਤ ਨਹੀਂ ਕੀਤਾ ਜਾ ਸਕਦਾ। ਖਾਤਾਧਾਰਕ 'ਤੇ ਕਿਸੇ ਕਰਜ਼ ਜਾਂ ਦੇਣਦਾਰੀ ਦੀ ਸਥਿਤੀ 'ਚ ਜੇਕਰ ਅਦਾਲਤ ਦਾ ਵੀ ਕੋਈ ਆਦੇਸ਼ ਹੋਵੇਗਾ, ਤਾਂ ਵੀ PPF 'ਚ ਜਮ੍ਹਾ ਰਾਸ਼ੀ ਨੂੰ ਜ਼ਬਤ ਨਹੀਂ ਕੀਤਾ ਜਾ ਸਕੇਗਾ।

ਮਚਿਊਰਿਟੀ ਦੇ ਬਾਅਦ ਵੀ PPF 'ਚ ਹੋ ਸਕੇਗਾ ਨਿਵੇਸ਼

ਨਵੇਂ ਨਿਯਮਾਂ 'ਚ ਮਚਿਊਰਿਟੀ ਦੇ ਬਾਅਦ ਵੀ PPF ਖਾਤੇ 'ਚ ਪੈਸੇ ਜਮ੍ਹਾਂ ਕਰਨ ਦੀ ਵਿਵਸਥਾ ਹੈ। ਜਿਸ ਸਾਲ PPF ਦਾ ਖਾਤਾ ਖੁੱਲ੍ਹਦਾ ਹੈ ਉਸ ਸਾਲ ਦੀ ਸਮਾਪਤੀ ਦੇ ਬਾਅਦ 15 ਸਾਲ ਪੂਰੇ ਹੋਣ 'ਤੇ ਖਾਤਾ ਧਾਰਕ ਆਪਣੇ ਖਾਤੇ ਦਾ ਵਿਸਥਾਰ ਕਰ ਸਕਦਾ ਹੈ ਅਤੇ ਉਸ ਵਿਚ ਪੰਜ ਸਾਲ ਦੀ ਮਿਆਦ ਲਈ ਹੋਰ ਪੈਸੇ ਜਮ੍ਹਾਂ ਕਰਵਾ ਸਕਦਾ ਹੈ।

ਪੰਜ ਸਾਲ ਬਾਅਦ ਪੀ.ਪੀ.ਐਫ. ਖਾਤੇ ਵਿਚੋਂ ਹੋ ਸਕਦੀ ਹੈ ਨਿਕਾਸੀ 

ਜਿਸ ਸਾਲ PPF ਖਾਤਾ ਖੋਲ੍ਹਿਆ ਗਿਆ, ਉਸ ਸਾਲ ਦੇ ਖਤਮ ਹੋਣ ਦੇ ਬਾਅਦ ਅਗਲੇ ਪੰਜ ਸਾਲ ਪੂਰੇ ਹੋਣ 'ਤੇ ਕਿਸੇ ਵੀ ਦਿਨ PPF ਖਾਤੇ ਵਿਚੋਂ ਨਿਕਾਸੀ ਦੀ ਆਗਿਆ ਦਿੱਤੀ ਗਈ ਹੈ। ਖਾਤੇ ਵਿਚੋਂ ਕਿੰਨੀ ਰਕਮ ਕਢਵਾਈ ਜਾ ਸਕਦੀ ਹੈ, ਇਸ ਲਈ ਨਿਯਮਾਂ 'ਚ ਕਿਹਾ ਗਿਆ ਹੈ ਕਿ ਪੈਸੇ ਕਢਵਾਉਣ ਦੇ ਸਾਲ ਤੋਂ ਪਹਿਲਾਂ, ਚੌਥੇ ਸਾਲ ਦੇ ਅੰਤ ਤਕ ਖਾਤੇ ਵਿਚ ਜਿੰਨੀ ਰਾਸ਼ੀ ਜਮ੍ਹਾ ਹੋਈ ਹੈ ਜਾਂ ਪਿਛਲੇ ਸਾਲ ਦੇ ਅੰਤ ਤਕ ਖਾਤੇ ਵਿਚ ਜਿੰਨੀ ਵੀ ਰਾਸ਼ੀ ਜਮ੍ਹਾ ਹੁੰਦੀ ਹੈ, ਉਸ ਵਿਚੋਂ ਜਿਹੜੀ ਵੀ ਘੱਟ ਹੋਵੇ ਉਸਦਾ ਵੱਧ ਤੋਂ ਵੱਧ   ਅੱਧਾ ਹਿੱਸਾ ਹੀ ਕਢਵਾਇਆ ਜਾ ਸਕਦਾ ਹੈ।

ਇਕ ਵਿਅਕਤੀ ਦੇ ਨਾਮ 'ਤੇ ਸਿਰਫ ਇਕ ਪੀਪੀਐਫ ਖਾਤਾ ਹੀ ਖੋਲ੍ਹਿਆ ਜਾ ਸਕਦਾ ਹੈ

ਇਕ ਵਿਅਕਤੀ ਦੇ ਨਾਮ 'ਤੇ ਸਿਰਫ ਇਕ ਪੀਪੀਐਫ ਖਾਤਾ ਹੀ ਖੋਲ੍ਹਿਆ ਜਾ ਸਕਦਾ ਹੈ। ਖਾਤਾ ਖੋਲ੍ਹਣ ਲਈ ਫਾਰਮ -1 ਵਿਚ ਅਰਜ਼ੀ ਦਿੱਤੀ ਜਾ ਸਕਦੀ ਹੈ। ਇਕ ਵਿਅਕਤੀ ਕਿਸੇ ਨਾਬਾਲਗ ਜਾਂ ਅਪਾਹਜ ਵਿਅਕਤੀ ਲਈ ਪੀਪੀਐਫ ਖਾਤਾ ਖੋਲ੍ਹ ਸਕਦਾ ਹੈ, ਜਿਸਦਾ ਉਹ ਗਾਰਡੀਅਨ ਹੋਵੇ। ਨਾਬਾਲਗ ਜਾਂ ਅਪਾਹਜ ਵਿਅਕਤੀ ਦੇ ਨਾਮ 'ਤੇ ਸਿਰਫ ਇਕ ਖਾਤਾ ਖੋਲ੍ਹਿਆ ਜਾ ਸਕਦਾ ਹੈ। ਕਿਸੇ ਵੀ ਸਥਿਤੀ 'ਚ ਜੁਆਇੰਟ ਖਾਤਾ ਨਹੀਂ ਖੋਲ੍ਹਿਆ ਜਾ ਸਕਦਾ।

ਇਕ ਸਾਲ ਵਿਚ 500 ਤੋਂ ਡੇਢ ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ

ਕੋਈ ਵੀ ਵਿਅਕਤੀ  ਵਪਾਰਕ ਸਾਲ ਵਿਚ ਪੀਪੀਐਫ ਖਾਤੇ 'ਚ 500 ਰੁਪਏ ਤੋਂ ਘੱਟ ਜਾਂ 1.5 ਲੱਖ ਰੁਪਏ ਤੋਂ ਵੱਧ ਜਮ੍ਹਾ ਨਹੀਂ ਕਰ ਸਕਦਾ। ਵੱਧ ਤੋਂ ਵੱਧ ਰਕਮ ਵਿਚ ਵਿਅਕਤੀ ਦੁਆਰਾ ਉਸਦੇ ਖਾਤੇ ਵਿਚ ਜਮ੍ਹਾ ਕੀਤੀ ਗਈ ਰਕਮ ਅਤੇ ਨਾਬਾਲਿਗ ਲਈ ਜਮ੍ਹਾ ਕੀਤੀ ਗਈ ਰਕਮ ਦੋਵੇਂ ਸ਼ਾਮਲ ਹੁੰਦੇ ਹਨ।

 


Related News