ਹੁਣ ਹੋਵੇਗਾ ਭਾਰਤ ਅਨੀਮੀਆ ਮੁਕਤ!
Thursday, Apr 11, 2024 - 03:02 PM (IST)
ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਨਵੀਂ ਦਿੱਲੀ ’ਚ ਐੱਫ. ਸੀ. ਐੱਮ. ਇੰਜੈਕਸ਼ਨ ਦੇ ਸਫਲ ਪ੍ਰੀਖਣ ਤੋਂ ਬਾਅਦ ਕੇਂਦਰ ਸਰਕਾਰ ਦਾ 2047 ਤੱਕ ਭਾਰਤ ਨੂੰ ਅਨੀਮੀਆ ਮੁਕਤ ਬਣਾਉਣ ਦਾ ਸੁਪਨਾ ਸੱਚ ਹੁੰਦਾ ਨਜ਼ਰ ਆ ਰਿਹਾ ਹੈ। ਡਾਕਟਰਾਂ ਨੂੰ ਉਮੀਦ ਹੈ ਕਿ ਨੈਨੋ ਮਾਲੀਕਿਉਲ ’ਤੇ ਆਧਾਰਤ ਇਹ ਇੰਜੈਕਸ਼ਨ ਗਰਭਵਰਤੀ ਔਰਤਾਂ ’ਚ ਅਨੀਮੀਆ ਨੂੰ ਕਾਬੂ ਕਰਨ ’ਚ ਕਾਰਗਰ ਸਾਬਿਤ ਹੋਵੇਗਾ।
ਆਇਰਨ ਦੀ ਕਮੀ ਦੇ ਕਾਰਨ ਭਾਰਤ ਦਾ ਹਰ ਤੀਜਾ ਬੱਚਾ ਜਨਮ ਦੇ ਸਮੇਂ ਘੱਟ ਭਾਰ ਵਾਲਾ ਹੁੰਦਾ ਹੈ। ‘ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀ ਸੰਗਠਨ’ ਦੀ ਭਾਰਤ ਦੇ ਬੱਚਿਆਂ ਅਤੇ ਔਰਤਾਂ ਦੀ ਸਿਹਤ ਦੀ ਰਿਪੋਰਟ ਭਿਆਨਕ ਤਸਵੀਰ ਪੇਸ਼ ਕਰਦੀ ਹੈ। ਇਸ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਦੀ ਰਿਪੋਰਟ ਹੋਰ ਖਤਰਨਾਕ ਬਣਾ ਦਿੰਦੀ ਹੈ। 70 ਫੀਸਦੀ ਭਾਰਤੀ ਔਰਤਾਂ ਅਤੇ ਬੱਚਿਆਂ ’ਚ ਆਇਰਨ, ਜ਼ਿੰਕ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਦੀ ਗੰਭੀਰ ਕਮੀ ਹੁੰਦੀ ਹੈ।
ਭਾਰਤ ’ਚ ਜਣੇਪੇ ਦੌਰਾਨ ਹੋਣ ਵਾਲੀਆਂ 20 ਤੋਂ 40 ਫੀਸਦੀ ਮੌਤਾਂ ਅਨੀਮੀਆ ਦੇ ਕਾਰਨ ਹੁੰਦੀਆਂ ਹਨ। ਪੂਰੀ ਦੁਨੀਆ ’ਚ ਜਿੰਨੀਆਂ ਮੌਤਾਂ ਹੁੰਦੀਆਂ ਹਨ, ਉਨ੍ਹਾਂ ਦੀਆਂ ਅੱਧੀਆਂ ਸਿਰਫ ਭਾਰਤ ’ਚ ਹੁੰਦੀਆਂ ਹਨ। ਅਨੀਮੀਆ ਤੋਂ ਸਭ ਤੋਂ ਵੱਧ ਪੀੜਤ ਗਰਭਵਤੀ ਔਰਤਾਂ ਹੁੰਦੀਆਂ ਹਨ ਪਰ ਇਕ ਨਵੇਂ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਮਰਦ ਵੀ ਤੇਜ਼ੀ ਨਾਲ ਇਸ ਦੀ ਗ੍ਰਿਫਤ ’ਚ ਆ ਰਹੇ ਹਨ। ਇਕ ਅਧਿਐਨ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤ ’ਚ 15 ਤੋਂ 54 ਸਾਲਾਂ ਦੇ 4 ’ਚੋਂ ਇਕ ਮਰਦ ਕਿਸੇ ਨਾ ਕਿਸੇ ਤਰ੍ਹਾਂ ਅਨੀਮੀਆ ਦਾ ਸ਼ਿਕਾਰ ਹੈ। ਅਨੀਮੀਆ ਦਾ ਮਤਲਬ ਹੈ, ਹੀਮੋਗਲੋਬਿਨ ’ਚ ਕਮੀ ਆਉਣਾ। ਇਸ ਦੀ ਗੰਭੀਰਤਾ ਥਕਾਣ, ਕਮਜ਼ੋਰੀ, ਚੱਕਰ ਆਉਣਾ ਅਤੇ ਉਨੀਂਦਰੇਪਨ ਵਰਗੇ ਹਾਲਾਤ ਪੈਦਾ ਕਰਦੀ ਹੈ
ਆਇਰਨ ਦੀ ਕਮੀ ਅਨੀਮੀਆ ਦਾ ਸਭ ਤੋਂ ਵੱਡਾ ਕਾਰਨ ਹੈ। ਹਾਲਾਂਕਿ ਹੋਰ ਹਾਲਾਤ ਜਿਵੇਂ ਫੋਲੇਟ ਵਿਟਾਮਿਨ ਬੀ-12 ਅਤੇ ਵਿਟਾਮਿਨ ਏ ਦੀ ਕਮੀ, ਪੁਰਾਣੀ ਸੋਜਿਸ਼, ਬੈਕਟੀਰੀਆ ਇਨਫੈਕਸ਼ਨ ਅਤੇ ਜੈਨੇਟਿਕ ਵਿਕਾਰ ਆਦਿ ਵੀ ਅਨੀਮੀਆ ਦਾ ਕਾਰਨ ਹੋ ਸਕਦੇ ਹਨ। ਦੇਸ਼ ’ਚ ਗਰਭ ਅਵਸਥਾ ਨਾਲ ਜੁੜਿਆ ਅਨੀਮੀਆ ਸਿਹਤ ਨਾਲ ਜੁੜਿਆ ਇਕ ਗੰਭੀਰ ਮੁੱਦਾ ਹੈ ਜੋ ਨਾ ਸਿਰਫ ਮਾਂ ਸਗੋਂ ਵਿਕਸਿਤ ਹੋ ਰਹੇ ਭਰੂਣ ਦੋਵਾਂ ’ਤੇ ਮਾੜਾ ਅਸਰ ਪਾਉਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਅਨੀਮੀਆ ਇਕ ਅਜਿਹੀ ਸਥਿਤੀ ਹੈ, ਜਿਸ ਦੌਰਾਨ ਖੂਨ ’ਚ ਮੌਜੂਦ ਲਾਲ ਕਣਾਂ ਜਾਂ ਹੀਮੋਗਲੋਬਿਨ ਦੀ ਮਾਤਰਾ ਆਮ ਨਾਲੋਂ ਘੱਟ ਹੋ ਜਾਂਦੀ ਹੈ।
ਰਾਸ਼ਟਰੀ ਪਰਿਵਾਰ ਸਿਹਤ ਸਰਵੇ-5 ਅਨੁਸਾਰ ਦੇਸ਼ ’ਚ 52.2 ਫੀਸਦੀ ਗਰਭਵਤੀ ਔਰਤਾਂ ਅਨੀਮੀਆ ਤੋਂ ਪੀੜਤ ਹੁੰਦੀਆਂ ਹਨ, ਜਿਨ੍ਹਾਂ ’ਚ ਹੀਮੋਗਲੋਬਿਨ ਦੀ ਮਾਤਰਾ 11 ਗ੍ਰਾਮ ਪ੍ਰਤੀ ਡੈਸੀਲੀਟਰ ਤੋਂ ਘੱਟ ਹੁੰਦਾ ਹੈ। ਲਗਭਗ 10-20 ਫੀਸਦੀ ਗਰਭਵਤੀ ਔਰਤਾਂ ਮੱਧ ਪੱਧਰ ਦੇ ਅਨੀਮੀਆ (ਹੀਮੋਗਲੋਬਿਨ 9.9-7 ਗ੍ਰਾਮ ਪ੍ਰਤੀ ਡੈਸੀਲੀਟਰ) ਤੋਂ ਪੀੜਤ ਹੁੰਦੀਆਂ ਹਨ। ਉੱਧਰ ਲਗਭਗ 3 ਫੀਸਦੀ ਗੰਭੀਰ ਅਨੀਮੀਆ ਤੋਂ ਪੀੜਤ ਹੁੰਦੀਆਂ ਹਨ, ਜਿਨ੍ਹਾਂ ਦੇ ਖੂਨ ’ਚ ਹੀਮੋਗਲੋਬਿਨ ਦੀ ਮਾਤਰਾ 7 ਮਿਲੀਗ੍ਰਾਮ ਤੋਂ ਘੱਟ ਹੁੰਦੀ ਹੈ।
ਅੰਕੜਿਆਂ ਅਨੁਸਾਰ ਜਿਥੇ 2019 ਤੋਂ 2021 ਦੇ ਵਿਚਾਲੇ ਸ਼ਹਿਰੀ ਖੇਤਰਾਂ ’ਚ ਰਹਿਣ ਵਾਲੀਆਂ 50 ਫੀਸਦੀ ਤੋਂ ਵੱਧ ਗਰਭਵਤੀ ਔਰਤਾਂ ਅਨੀਮੀਆ ਤੋਂ ਪੀੜਤ ਸਨ, ਉਥੇ ਦਿਹਾਤੀ ਖੇਤਰਾਂ ’ਚ ਇਨ੍ਹਾਂ ਦਾ ਅੰਕੜਾ ਸ਼ਹਿਰਾਂ ਤੋਂ ਵੱਧ ਰਿਕਾਰਡ ਕੀਤਾ ਗਿਆ ਸੀ। ਮਾਹਿਰਾਂ ਅਨੁਸਾਰ ਭਾਰਤੀਆਂ ਦੇ ਖਾਣ-ਪਾਣ ’ਚ ਪੋਸ਼ਣ ਦੀ ਕਮੀ ਇਸ ਦਾ ਇਕ ਵੱਡਾ ਕਾਰਨ ਹੈ।
ਰਾਜਸਥਾਨ ਦੇ ਝਾਲਾਵਾੜ ’ਚ ਗਰਭਵਤੀ ਔਰਤਾਂ ’ਤੇ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਦਿਹਾਤੀ ਖੇਤਰਾਂ ’ਚ ਰਹਿਣ ਵਾਲੀਆਂ 81.1 ਫੀਸਦੀ ਗਰਭਵਤੀ ਔਰਤਾਂ ਅਨੀਮੀਆ ਤੋਂ ਪੀੜਤ ਹਨ। ਇਸ ਅਧਿਐਨ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਗਰਭ ਅਵਸਥਾ ਦੌਰਾਨ ਅਨੀਮੀਆ ਸਮੇਂ ਤੋਂ ਪਹਿਲਾਂ ਜਨਮ, ਭਰੂਣ ਦੇ ਵਿਕਾਸ ਦੇ ਨਾਲ-ਨਾਲ ਗਰਭਪਾਤ ਅਤੇ ਉੱਚ ਸ਼ਿਸ਼ੂ ਮੌਤ ਦਰ ਤੋਂ ਲੈ ਕੇ ਮਾਤਰ ਮੌਤ ਦੇ 20 ਤੋਂ 40 ਫੀਸਦੀ ਮਾਮਲਿਆਂ ਲਈ ਜ਼ਿੰਮੇਵਾਰ ਹੈ। ਅਜਿਹਾ ਨਹੀਂ ਹੈ ਕਿ ਸਰਕਾਰ ਇਸ ਨੂੰ ਲੈ ਕੇ ਗੰਭੀਰ ਨਹੀਂ ਹੈ। ਭਾਰਤ ’ਚ ਗਰਭਵਤੀ ਔਰਤਾਂ ’ਚ ਅਨੀਮੀਆ ਦੇ ਰੋਕਥਾਮ ਲਈ ਕਈ ਉਪਾਅ ਕੀਤੇ ਗਏ ਹਨ। ਗਰਭਵਤੀ ਔਰਤਾਂ ਲਈ ਆਇਰਨ ਅਤੇ ਫੋਲਿਕ ਐਸਿਡ ਦੀ ਖੁਰਾਕ ਵੰਡਣਾ ਅਤੇ ਪੋਸ਼ਣ ਬਾਰੇ ਜਾਗਰੂਕ ਕਰਨ ਲਈ ਪ੍ਰੋਗਰਾਮ ਆਯੋਜਿਤ ਕਰਨਾ ਵਰਗੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਦੇ ਬਾਵਜੂਦ ਗਰਭਵਤੀ ਭਾਰਤੀ ਔਰਤਾਂ ’ਚ ਅਨੀਮੀਆ ਇਕ ਆਮ ਸਮੱਸਿਆ ਬਣੀ ਹੋਈ ਹੈ।
ਇਸ ਅਧਿਐਨ ਦੇ ਜੋ ਨਤੀਜੇ ਸਾਹਮਣੇ ਆਏ ਹਨ ਉਨ੍ਹਾਂ ਅਨੁਸਾਰ ਭਾਰਤ ’ਚ 50 ਫੀਸਦੀ ਤੋਂ ਵੱਧ ਗਰਭਵਤੀ ਔਰਤਾਂ ਅਨੀਮੀਆ ਤੋਂ ਪੀੜਤ ਹਨ। ਜਿਸ ਦਾ ਮਹੱਤਵਪੂਰਨ ਸਬੰਧ ਉਨ੍ਹਾਂ ਦੀ ਭੂਗੌਲਿਕ ਸਥਿਤੀ, ਸਿੱਖਿਆ ਦੇ ਪੱਧਰ ਅਤੇ ਆਰਥਿਕ ਖੁਸ਼ਹਾਲੀ ਨਾਲ ਜੁੜਿਆ ਹੈ। ਖੋਜ ਦੇ ਅਨੁਸਾਰ ਗਰਭ ਅਵਸਥਾ ਨਾਲ ਸਬੰਧਤ ਅਨੀਮੀਆ ਗੈਰ-ਲੋੜੀਂਦੀ ਪੋਸ਼ਕ ਆਹਾਰ, ਆਇਰਨ ਦੀ ਲੋੜੀਂਦੀ ਨਾ ਮਿਲ ਪਾਉਣ ਜਾਂ ਪਹਿਲਾਂ ਤੋਂ ਮੌਜੂਦ ਹਾਲਾਤ ਦੇ ਕਾਰਨ ਹੋ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਖਾਨੇ ਵੀ ਇਸ ’ਤੇ ਵੱਡਾ ਅਸਰ ਪਾਉਂਦੇ ਹਨ। ਇਕ ਖੋਜ ਅਨੁਸਾਰ ਬਿਹਤਰ ਪਖਾਨੇ ਦੀ ਸਹੂਲਤ ਦੀ ਵਰਤੋਂ ਕਰਨ ਵਾਲੀਆਂ ਔਰਤਾਂ ’ਚ ਹਲਕਾ ਅਨੀਮੀਆ ਹੋਣ ਦਾ ਖਤਰਾ 7.5 ਫੀਸਦੀ ਘੱਟ ਹੁੰਦਾ ਹੈ। ਉੱਧਰ ਜੇ ਭੂਗੌਲਿਕ ਤੌਰ ’ਤੇ ਦੇਖੀਏ ਤਾਂ ਭਾਰਤ ਦੇ ਦੱਖਣੀ ਹਿੱਸਿਆਂ ਦੇ ਮੁਕਾਬਲੇ ਪੂਰਬੀ ਖੇਤਰਾਂ ’ਚ ਅਨੀਮੀਆ ਦਾ ਪ੍ਰਸਾਰ 17.4 ਫੀਸਦੀ ਵੱਧ ਹੈ। ਇਸ ਲਈ ਭਾਰਤ ਸਰਕਾਰ ਦਾ ਪੂਰਾ ਧਿਆਨ ਇਸ ਬੀਮਾਰੀ ਨੂੰ ਜੜ੍ਹ ਤੋਂ ਖਤਮ ਕਰਨ ’ਤੇ ਹੈ।
ਇਸ ਲਈ ਕੇਂਦਰ ਸਰਕਾਰ ਨੇ 2018 ’ਚ ਹੀ ‘ਅਨੀਮੀਆ ਮੁਕਤ ਭਾਰਤ’ ਦੀ ਰਣਨੀਤੀ ਬਣਾਈ ਸੀ। ਇਸ ਮੁਹਿੰਮ ਦਾ ਮਕਸਦ ਪੋਸ਼ਣ ਮੁਹਿੰਮ, ਟੈਸਟਿੰਗ, ਡਿਜੀਟਲ ਢੰਗ ਅਤੇ ਪੁਆਇੰਟ ਆਫ ਕੇਅਰ ਦੀ ਵਰਤੋਂ ਕਰ ਕੇ ਅਨੀਮੀਆ ਦਾ ਇਲਾਜ, ਫੋਰਟੀਫਾਈਡ ਖੁਰਾਕ ਪਦਾਰਥਾਂ ਦੀ ਵਿਵਸਥਾ ਅਤੇ ਸਰਕਾਰ ਵਲੋਂ ਫੰਡਿਡ ਜਨਤਕ ਸਿਹਤ ਪ੍ਰੋਗਰਾਮਾਂ ਵਲੋਂ ਸਿਹਤ ਜਾਗਰੂਕਤਾ ਵਧਾਉਣਾ ਹੈ। ਬੀਤੇ ਸਾਲ 2023 ਦੇ ਬਜਟ ’ਚ ਹੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਣ ਨੇ ਹੈਲਥ ਬਜਟ ’ਚ ਐਲਾਨ ਕਰਦੇ ਹੋਏ ਦੇਸ਼ ਨੂੰ 2047 ਤੱਕ ਅਨੀਮੀਆ ਰੋਗ ਤੋਂ ਮੁਕਤ ਕਰਨ ਦਾ ਟੀਚਾ ਰੱਖਿਆ ਸੀ।
ਏਮਜ਼ ਦੇ ਕਮਿਊਨਿਟੀ ਮੈਡੀਸਨ ਦੇ ਪ੍ਰੋਫੈਸਰ ਡਾ. ਕਪਿਲ ਯਾਦਵ ਨੇ ਦੱਸਿਆ ਕਿ ਹੁਣ ਸਿੰਗਲ ਡੋਜ਼ ਆਈ.ਈ.ਵੀ. (ਇੰਟਰਾਵੇਨਸ) ਆਇਰਨ ਇੰਜੈਕਸ਼ਨ ਨਾਲ ਹੀ ਹਲਕੇ ਅਤੇ ਗੰਭੀਰ ਅਨੀਮੀਆ ਤੋਂ ਪੀੜਤ ਗਰਭਵਤੀ ਔਰਤਾਂ ਦਾ ਇਲਾਜ ਸੰਭਵ ਹੋ ਸਕੇਗਾ। ਏਮਜ਼ ਇਸ ਦੇ ਸਫਲ ਟ੍ਰਾਇਲ ਤੋਂ ਬਾਅਦ ਇਸ ਨੂੰ ਅਨੀਮੀਆ ਮੁਕਤ ਭਾਰਤ ਮੁਹਿੰਮ ਦੇ ਤਹਿਤ ਰਾਸ਼ਟਰੀ ਪ੍ਰੋਗਰਾਮ ’ਚ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਨੂੰ ਉਮੀਦ ਹੈ ਕਿ ਇਹ ਇੰਜੈਕਸ਼ਨ ਗਰਭਵਤੀ ਔਰਤਾਂ ਲਈ ਰਾਮਬਾਣ ਸਾਬਤ ਹੋ ਸਕਦਾ ਹੈ। 2 ਸਾਲਾਂ ਤੋਂ ਹਸਪਤਾਲ ’ਚ ਲਗਭਗ 20,000 ਔਰਤਾਂ ’ਤੇ ਇਸ ਦਾ ਟ੍ਰਾਇਲ ਕੀਤਾ ਗਿਆ ਜੋ ਸਫਲ ਰਿਹਾ ਹੈ। ਇਸ ਦੀ ਕੀਮਤ ਵੀ ਲਗਭਗ 300 ਰੁਪਏ ਹੈ।
ਗੀਤਾ ਯਾਦਵ