SBI ਨੇ ਦਿੱਤੀ ਰਾਹਤ, ਇੱਥੋਂ ਪੈਸੇ ਕਢਾਉਣ ''ਤੇ ਨਹੀਂ ਲੱਗੇਗਾ ਚਾਰਜ
Friday, Apr 20, 2018 - 03:53 PM (IST)

ਨਵੀਂ ਦਿੱਲੀ— ਏ. ਟੀ. ਐੱਮ. 'ਚ ਨਕਦੀ ਦੀ ਕਮੀ ਨਾਲ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਲਈ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਇਕ ਅਹਿਮ ਕਦਮ ਚੁੱਕਿਆ ਹੈ। ਹੁਣ ਤੁਸੀਂ ਆਪਣੇ ਨਜ਼ਦੀਕ 'ਚ ਸਥਿਤ ਐੱਸ. ਬੀ. ਆਈ. ਦੀ ਪੀ. ਓ. ਐੱਸ. (ਪੁਆਇੰਟ ਆਫ ਸੇਲ) ਮਸ਼ੀਨ ਜ਼ਰੀਏ ਪੈਸੇ ਕਢਾ ਸਕੋਗੇ ਅਤੇ ਇਸ ਲਈ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਦੇਣਾ ਪਵੇਗਾ। ਭਾਰਤੀ ਸਟੇਟ ਬੈਂਕ ਮੁਤਾਬਕ, ਪੀ. ਓ. ਐੱਸ. ਸੁਵਿਧਾ ਜ਼ਰੀਏ 2,000 ਰੁਪਏ ਤਕ ਨਕਦੀ ਕਢਾਉਣ 'ਤੇ ਕੋਈ ਚਾਰਜ ਨਹੀਂ ਲੱਗੇਗਾ। ਇਹ ਸੁਵਿਧਾ 4.8 ਲੱਖ ਪੀ. ਓ. ਐੱਸ. ਮਸ਼ੀਨਾਂ 'ਤੇ ਉਪਲੱਬਧ ਹੈ।
ਬੈਂਕ ਨੇ ਕਿਹਾ ਕਿ ਗਾਹਕ ਐੱਸ. ਬੀ. ਆਈ. ਅਤੇ ਦੂਜੇ ਕਿਸੇ ਬੈਂਕ ਦੇ ਡੈਬਿਟ ਕਾਰਡ ਜ਼ਰੀਏ ਵੱਡੇ ਸ਼ਹਿਰਾਂ 'ਚ ਪੀ. ਓ. ਐੱਸ. ਮਸ਼ੀਨ ਰਾਹੀਂ ਪ੍ਰਤੀ ਦਿਨ 1,000 ਰੁਪਏ ਕਢਾ ਸਕਦੇ ਹਨ, ਜਦੋਂ ਕਿ ਛੋਟੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ 'ਚ 2,000 ਰੁਪਏ ਤਕ ਕਢਾਉਣ ਦੀ ਸੁਵਿਧਾ ਮਿਲੇਗੀ। ਇੰਨੀ ਲਿਮਟ ਤਕ ਨਕਦੀ ਪੀ. ਓ. ਐੱਸ. ਜ਼ਰੀਏ ਕਢਾਉਣ 'ਤੇ ਫਿਲਹਾਲ ਕੋਈ ਚਾਰਜ ਨਹੀਂ ਲੱਗੇਗਾ। ਐੱਸ. ਬੀ. ਆਈ. ਦੀ ਇਸ ਸੁਵਿਧਾ ਦਾ ਲਾਭ ਸਾਰੇ ਬੈਂਕਾਂ ਦੇ ਖਾਤਾ ਧਾਰਕ ਉਠਾ ਸਕਣਗੇ। ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਮੁਤਾਬਕ, ਟੀਅਰ-1 ਅਤੇ 2 ਸ਼ਹਿਰਾਂ 'ਚ ਰਹਿਣ ਵਾਲੇ ਲੋਕ 1 ਹਜ਼ਾਰ ਰੁਪਏ ਅਤੇ ਟੀਅਰ-3 ਅਤੇ ਟੀਅਰ-6 'ਚ ਰਹਿਣ ਵਾਲੇ ਡੈਬਿਟ ਕਾਰਡ ਧਾਰਕ 2 ਹਜ਼ਾਰ ਰੁਪਏ ਕਢਾ ਸਕਣਗੇ। ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ ਕਈ ਸ਼ਹਿਰਾਂ 'ਚ ਏ. ਟੀ. ਐੱਮ. ਖਾਲ੍ਹੀ ਹੋਣ ਦੇ ਮੱਦੇਨਜ਼ਰ ਐੱਸ. ਬੀ. ਆਈ. ਨੇ ਹਾਲ ਦੀ ਘੜੀ ਇਹ ਰਾਹਤ ਦਿੱਤੀ ਹੈ।