ਨਹੀਂ ਮਿਲਿਆ ਇਲਾਜ ਖਰਚਾ, ਹੁਣ ਦਿ ਓਰੀਐਂਟਲ ਇੰਸ਼ੋਰੈਂਸ ਕੰਪਨੀ ਦੇਵੇਗੀ ਜੁਰਮਾਨਾ

Monday, Feb 12, 2018 - 10:41 PM (IST)

ਨਹੀਂ ਮਿਲਿਆ ਇਲਾਜ ਖਰਚਾ, ਹੁਣ ਦਿ ਓਰੀਐਂਟਲ ਇੰਸ਼ੋਰੈਂਸ ਕੰਪਨੀ ਦੇਵੇਗੀ ਜੁਰਮਾਨਾ

ਬਰੇਲੀ  (ਇੰਟ.)-ਹੈਲਥ ਇੰਸ਼ੋਰੈਂਸ ਤੋਂ ਬਾਅਦ ਖਪਤਕਾਰ ਨੂੰ ਇਲਾਜ ਖਰਚਾ ਨਾ ਦੇਣਾ ਇੰਸ਼ੋਰੈਂਸ ਕੰਪਨੀ ਨੂੰ ਮਹਿੰਗਾ ਪੈ ਗਿਆ। ਇਸ ਤਰ੍ਹਾਂ ਦੇ ਹੀ ਇਕ ਮਾਮਲੇ 'ਚ ਖਪਤਕਾਰ ਫੋਰਮ ਨੇ ਸੁਣਵਾਈ ਕਰਦਿਆਂ ਇੰਸ਼ੋਰੈਂਸ ਕੰਪਨੀ ਨੂੰ ਇਲਾਜ ਖਰਚਾ ਨਾ ਦੇਣ ਦਾ ਦੋਸ਼ੀ ਮੰਨਦਿਆਂ 11,400 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।
ਕੀ ਹੈ ਮਾਮਲਾ
ਸਿਵਲ ਲਾਈਨਜ਼ ਦੇ ਗਣਪਤੀ ਵਿਲਾ ਨਿਵਾਸੀ ਅਜੇ ਬੱਤਰਾ ਨੇ ਦੱਸਿਆ ਕਿ ਉਸ ਨੇ ਆਪਣੀ ਹੈਲਥ ਪਾਲਿਸੀ ਸਾਲ 1995 'ਚ ਦਿ ਓਰੀਐਂਟਲ ਇੰਸ਼ੋਰੈਂਸ ਕੰਪਨੀ ਬਰਾਂਚ ਸੀ. ਬੀ. ਗੰਜ ਤੋਂ ਲਈ ਸੀ। ਇਸ ਤੋਂ ਬਾਅਦ ਉਸ ਨੇ ਪਤਨੀ ਸੰਗੀਤਾ ਬੱਤਰਾ ਦੇ ਨਾਂ ਵੀ 6 ਜਨਵਰੀ 2015 ਨੂੰ ਪਾਲਿਸੀ ਲਈ, ਜਿਸ ਦਾ ਪ੍ਰੀਮੀਅਮ 15,626 ਰੁਪਏ ਜਮ੍ਹਾ ਕੀਤਾ ਤਾਂ 6 ਜਨਵਰੀ 2015 ਨੂੰ ਕੰਪਨੀ ਨੇ ਪਾਲਿਸੀ ਨੰਬਰ 726173 ਜਾਰੀ ਕਰ ਦਿੱਤੀ। ਅਜੇ ਬੱਤਰਾ ਦਾ ਕਹਿਣਾ ਹੈ ਕਿ ਉਸ ਦੇ ਖੱਬੇ ਹੱਥ 'ਚ 30 ਅਪ੍ਰੈਲ 2015 ਨੂੰ ਕਮਜ਼ੋਰੀ ਮਹਿਸੂਸ ਹੋਈ। ਡਾਕਟਰ ਨੇ ਐੱਮ. ਆਰ. ਆਈ. ਕਰਵਾਈ ਤਾਂ ਦਿਮਾਗ 'ਚ ਖੂਨ ਜੰਮਿਆ ਹੋਇਆ ਦੱਸਿਆ। ਇਲਾਜ ਤੋਂ ਬਾਅਦ ਉਹ 2 ਮਈ 2015 ਨੂੰ ਡਿਸਚਾਰਜ ਹੋਇਆ। ਇਸ ਤੋਂ ਬਾਅਦ ਫਿਰ ਤੋਂ 4 ਮਈ ਨੂੰ ਉਸ ਦੀ ਤਬੀਅਤ ਖ਼ਰਾਬ ਹੋ ਗਈ, ਜਿਸ 'ਤੇ ਉਹ 6 ਮਈ 2015 ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਇਲਾਜ ਲਈ ਦਾਖਲ ਹੋਇਆ ਪਰ 24 ਘੰਟੇ ਬਾਅਦ ਉਹ ਕੋਕਿਲਾ ਬੇਨ ਧੀਰੂਭਾਈ ਮੈਡੀਕਲ ਕਾਲਜ 'ਚ 15 ਦਿਨ ਦਾਖਲ ਰਿਹਾ। ਇਲਾਜ ਤੋਂ ਬਾਅਦ ਅਜੇ ਬੱਤਰਾ ਘਰ ਪੁੱਜਾ ਤਾਂ ਉਸ ਨੇ ਹੈਲਥ ਇੰਸ਼ੋਰੈਂਸ ਕੰਪਨੀ 'ਚ ਇਲਾਜ ਦੇ ਪੈਸੇ ਲਈ ਕਲੇਮ ਕੀਤਾ, ਜਿਸ 'ਤੇ ਇੰਸ਼ੋਰੈਂਸ ਕੰਪਨੀ ਨੇ ਕਲੇਮ ਖਾਰਿਜ ਕਰਦਿਆਂ ਦੱਸਿਆ ਕਿ ਪੀੜਤ ਵੱਲੋਂ ਪੇਸ਼ ਬਿੱਲ ਨਾ-ਕਾਫੀ ਹਨ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖ਼ੜਕਾਇਆ।
ਇਹ ਕਿਹਾ ਫੋਰਮ ਨੇ
ਖਪਤਕਾਰ ਫੋਰਮ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਘ ਰਾਠੌਰ ਨੇ ਦੋਵਾਂ ਪੱਖਾਂ ਦੇ ਬਿਆਨਾਂ ਦੇ ਆਧਾਰ 'ਤੇ ਇਲਾਜ ਦੇ ਉਪਲੱਬਧ ਬਿੱਲਾਂ ਅਨੁਸਾਰ 7,400 ਰੁਪਏ ਇਲਾਜ ਦੇ, 2500 ਮਾਨਸਿਕ ਪ੍ਰੇਸ਼ਾਨੀ ਅਤੇ 1500 ਰੁਪਏ ਅਦਾਲਤੀ ਖ਼ਰਚੇ ਵਜੋਂ ਭੁਗਤਾਨ ਕਰਨ ਦਾ ਹੁਕਮ ਬੀਮਾ ਕੰਪਨੀ ਨੂੰ ਸੁਣਾਇਆ। ਫੋਰਮ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਕੁਲ ਰਾਸ਼ੀ ਦਾ ਇਕ ਮਹੀਨੇ ਦੇ ਅੰਦਰ ਭੁਗਤਾਨ ਕੀਤਾ ਜਾਵੇ ਨਹੀਂ ਤਾਂ 7 ਫ਼ੀਸਦੀ ਸਧਾਰਨ ਸਾਲਾਨਾ ਵਿਆਜ ਵੀ ਦੇਣਾ ਹੋਵੇਗਾ।


Related News