ਲੁਧਿਆਣਾ ''ਚੋਂ ਨਸ਼ੇ ਦੀ ਵੱਡੀ ਖੇਪ ਬਰਾਮਦ! ਟਰੱਕ ''ਚੋਂ ਮਿਲਿਆ 31 ਕੁਇੰਟਲ ਚੂਰਾ ਪੋਸਤ

Saturday, Mar 28, 2026 - 11:59 AM (IST)

ਲੁਧਿਆਣਾ ''ਚੋਂ ਨਸ਼ੇ ਦੀ ਵੱਡੀ ਖੇਪ ਬਰਾਮਦ! ਟਰੱਕ ''ਚੋਂ ਮਿਲਿਆ 31 ਕੁਇੰਟਲ ਚੂਰਾ ਪੋਸਤ

ਲੁਧਿਆਣਾ (ਰਾਜ): ਨਸ਼ਾ ਤਸਕਰਾਂ ਦੇ ਖ਼ਿਲਾਫ਼ ਲੁਧਿਆਣਾ ਪੁਲਸ ਨੇ ਵੱਡੀ ਕਾਰਵਾਈ ਕੀਤੀ ਗਈ ਹੈ। ਜਮਾਲਪੁਰ ਤੇ ਲਾਡੋਵਾਲ ਪੁਲਸ ਦੇ ਸਾਂਝੇ ਆਪ੍ਰੇਸ਼ਨ ਤਹਿਤ ਨਸ਼ੇ ਦੀ ਵੱਡੀ ਖੇਪ ਫੜੀ ਗਈ ਹੈ। ਪੁਲਸ ਨੇ ਇਕ ਲਾਵਾਰਸ ਖੜ੍ਹੇ ਟਰੱਕ ਤੇ ਤਿੰਨ ਲਗਜ਼ਰੀ ਗੱਡੀਆਂ ਤੋਂ ਭਾਰੀ ਮਾਤਰਾ ਵਿਚ ਚੂਰਾ ਪੋਸਤ (ਭੁੱਕੀ) ਬਰਾਮਦਮ ਕੀਤੀ ਹੈ, ਜਿਸ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਪਲਾਈ ਕੀਤਾ ਜਾਣਾ ਸੀ। ਇਸ ਮਾਮਲੇ ਵਿਚ ਥਾਣਾ ਜਮਾਲਪੁਰ ਦੀ ਪੁਲਸ ਨੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕਰ ਲਿਆ ਹੈ। 

ਸਬ-ਇੰਸਪੈਕਟਰ ਦਲਵੀਰ ਸਿੰਘ ਆਪਣੀ ਪੁਲਸ ਪਾਰਟੀ ਦੇ ਨਾਲ ਜਮਾਲਪੁਰ ਚੌਕ ਵਿਚ ਗਸ਼ਤ 'ਤੇ ਸਨ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਟਰੱਕ ਨੰਬਰ HR 64 A-5376, ਜਿਸ 'ਤੇ 'ਗਿੱਲ ਕੈਚ' ਲਿਖਿਆ ਹੋਇਆ ਹੈ, ਵਿਚ ਵੱਡੀ ਗਿਣਤੀ ਵਿਚ ਨਸ਼ੀਲਾ ਪਦਾਰਥ ਲੱਦਿਆ ਹੋਇਆ ਹੈ। ਸੂਚਨਾ ਮਿਲੀ ਹੈ ਕਿ ਅਣਪਛਾਤੇ ਤਸਕਰ ਇਸ ਟਰੱਕ ਨੂੰ ਜਮਾਲਪੁਰ ਇਲਾਕੇ ਵਿਚ ਸਪਲਾਈ ਦੇਣ ਮਗਰੋਂ ਲਾਡੋਵਾਲ ਖੇਤਰ ਦੇ ਇਕ ਸੁੰਨਸਾਨ (ਬੇ-ਆਬਾਦ) ਇਲਾਕੇ ਵਿਚ ਲੁਕੋ ਕੇ ਖੜ੍ਹੇ ਹਨ। ਪੁਲਸ ਨੇ ਬਿਨਾਂ ਦੇਰੀ ਕੀਤੇ ਦੱਸੇ ਗਏ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਉੱਥੇ ਮੌਜੂਦ ਟਰੱਕ ਨੂੰ ਜਦੋਂ ਗੰਭੀਰਤਾ ਨਾਲ ਤਲਾਸ਼ੀ ਲਈ ਗਈ ਤਾਂ ਪੁਲਸ ਦੇ ਵੀ ਹੋਸ਼ ਉੱਡ ਗਏ। ਟਰੱਕ ਦੇ ਅੰਦਰੋਂ ਕੁੱਲ 3100 ਕਿੱਲੋ (31 ਕੁਇੰਟਲ) ਚੂਰਾ ਪੋਸਤ ਬਰਾਮਦ ਹੋਇਆ। ਇੰਨਾ ਹੀ ਨਹੀਂ, ਮੌਕੇ ਤੋਂ ਤਸਕਰੀ ਵਿਚ ਵਰਤੀਆਂ ਜਾਣ ਵਾਲੀਆਂ ਤਿੰਨ ਹੋਰ ਗੱਡੀਆਂ ਵੀ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਵਿਚ ਇਕ ਮਹਿੰਦਰਾ ਬੋਲੈਰੋ, ਇਕ ISUZU ਅਤੇ ਇਕ ਮਹਿੰਦਰਾ ਸਕਾਰਪੀਓ ਸ਼ਾਮਲ ਹੈ। 

ਹੈਰਾਨੀ ਦੀ ਗੱਲ ਇਹ ਰਹੀ ਕਿ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਰਹੇ। ਪੁਲਸ ਨੇ ਅਣਪਛਾਤੇ ਤਸਕਰਾਂ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਭਾਰੀ ਮਾਤਰਾ ਵਿਚ ਬਰਾਮਦ ਹੋਈ ਇਸ ਖੇਪ ਨੇ ਨਸ਼ਾ ਮਾਫ਼ੀਆ ਦੇ ਨੈੱਟਵਰਕ ਦੀ ਪੋਲ ਖੋਲ੍ਹ ਦਿੱਤੀ ਹੈ। ਪੁਲਸ ਹੁਮ ਗੱਡੀਆਂ ਦੇ ਨੰਬਰਾਂ ਦੇ ਅਧਾਰ 'ਤੇ ਮਾਲਕਾਂ ਤੇ ਫ਼ਰਾਰ ਤਸਕਰਾਂ ਦੀ ਭਾਲ ਕਰ ਰਹੀ ਹੈ। 


author

Anmol Tagra

Content Editor

Related News