ਮਹਿੰਗੀਆਂ ਕਿਤਾਬਾਂ ਤੋਂ ਰਾਹਤ: PSEB ਪੋਰਟਲ ’ਤੇ ਵਿਦਿਆਰਥੀਆਂ ਨੂੰ ਹੁਣ 15% ਸਸਤੀਆਂ ਮਿਲਣਗੀਆਂ ਕਿਤਾਬਾਂ
Monday, Mar 30, 2026 - 06:10 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਨੇ ਨਵੇਂ ਵਿਦਿਅਕ ਸੈਸ਼ਨ 2026-27 ਦੇ ਆਗਾਜ਼ ਨਾਲ ਹੀ ਵਿਦਿਆਰਥੀਆਂ ਤੇ ਮਾਪਿਆਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਬੋਰਡ ਨੇ ਇਤਿਹਾਸਕ ਫੈਸਲਾ ਲੈਂਦਿਆਂ ਆਪਣੀਆਂ ਸਾਰੀਆਂ ਪਾਠ ਪੁਸਤਕਾਂ (ਟੈਕਸਟ ਬੁੱਕਸ) ’ਤੇ 15 ਫੀਸਦੀ ਦੀ ਸਿੱਧੀ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਨਾ ਸਿਰਫ ਹਜ਼ਾਰਾਂ ਪਰਿਵਾਰਾਂ ਦਾ ਆਰਥਿਕ ਬੋਝ ਘਟੇਗਾ, ਬਲਕਿ ਕਿਤਾਬਾਂ ਦੀ ਖਰੀਦ-ਵੇਚ ਵਿਚ ਹੋਣ ਵਾਲੀ ਧਾਂਦਲੀ ’ਤੇ ਵੀ ਲਗਾਮ ਲੱਗੇਗੀ। ਕਿਤਾਬਾਂ ਦੀ ਵਿਕਰੀ ਨੂੰ ਪੂਰੀ ਤਰ੍ਹਾਂ ਡਿਜੀਟਲ ਤੇ ਪਾਰਦਰਸ਼ੀ ਬਣਾਉਣ ਲਈ ਬੋਰਡ ਨੇ ਆਪਣਾ ਇਕ ਵਿਸ਼ੇਸ਼ ‘ਈ-ਕਾਮਰਸ ਪੋਰਟਲ’ ਤਿਆਰ ਕੀਤਾ ਹੈ। ਇਹ ਪੋਰਟਲ 1 ਅਪ੍ਰੈਲ ਤੋਂ ਪੂਰੀ ਤਰ੍ਹਾਂ ਚਾਲੂ (ਆਪਰੇਸ਼ਨਲ) ਹੋ ਜਾਵੇਗਾ। ਬੋਰਡ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਹੁਣ ਸਾਰੇ ਸਬੰਧਤ (ਐਫੀਲੀਏਟਿਡ) ਸਕੂਲਾਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਉਹ ਵਿਦਿਆਰਥੀਆਂ ਨੂੰ ਇਸ ਪੋਰਟਲ ਰਾਹੀਂ ਕਿਤਾਬਾਂ ਉਪਲਬਧ ਕਰਵਾਉਣ ਵਿਚ ਪੂਰੀ ਸਹਾਇਤਾ ਕਰਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ! ਕੁਹਾੜੀ ਨਾਲ ਵੱਢ'ਤਾ ਬਲਾਕ ਕਾਂਗਰਸ ਪ੍ਰਧਾਨ, ਹੋ ਗਈ ਮੌਤ
ਜ਼ਿਆਦਾ ਪੈਸੇ ਵਸੂਲੇ ਤਾਂ ਸਕੂਲਾਂ ’ਤੇ ਡਿੱਗੇਗੀ ਗਾਜ
ਬੋਰਡ ਨੇ ਸਕੂਲਾਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਉਹ ਨਿਰਧਾਰਿਤ ਛੋਟ ਵਾਲੀ ਕੀਮਤ ਤੋਂ ਇਕ ਵੀ ਰੁਪਿਆ ਵੱਧ ਕਿਸੇ ਵੀ ਵਿਦਿਆਰਥੀ ਜਾਂ ਮਾਪਿਆਂ ਤੋਂ ਨਹੀਂ ਲੈ ਸਕਦੇ। ਪੀ.ਐੱਸ.ਈ.ਬੀ. ਨੇ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਸਕੂਲ ਨਿਯਮਾਂ ਦੀ ਉਲੰਘਣਾ ਕਰਦਿਆਂ ਜਾਂ ਓਵਰ-ਚਾਰਜਿੰਗ ਕਰਦਿਆਂ ਪਾਇਆ ਗਿਆ ਤਾਂ ਬੋਰਡ ਇਸ ਨੂੰ ਬੇਹੱਦ ਗੰਭੀਰਤਾ ਨਾਲ ਲਵੇਗਾ ਤੇ ਉਸ ਸਕੂਲ ਵਿਰੁੱਧ ਸਖ਼ਤ ਪ੍ਰਸ਼ਾਸਨਿਕ ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਮਾਪਿਆਂ ਨੂੰ ਕਮੀਸ਼ਨਖੋਰੀ ਤੋਂ ਮਿਲੇਗੀ ਮੁਕਤੀ
ਅਕਸਰ ਦੇਖਿਆ ਜਾਂਦਾ ਹੈ ਕਿ ਨਵੇਂ ਸੈਸ਼ਨ ਦੀ ਸ਼ੁਰੂਆਤ ਵਿਚ ਕਿਤਾਬਾਂ ਦੀਆਂ ਕੀਮਤਾਂ ਨੂੰ ਲੈ ਕੇ ਮਾਪਿਆਂ ਵਿਚ ਭਾਰੀ ਰੋਸ ਰਹਿੰਦਾ ਹੈ। ਕਈ ਸਕੂਲਾਂ ’ਤੇ ਮਹਿੰਗੀਆਂ ਦਰਾਂ ’ਤੇ ਕਿਤਾਬਾਂ ਵੇਚਣ ਜਾਂ ਖਾਸ ਦੁਕਾਨਾਂ ਤੋਂ ਹੀ ਸੈੱਟ ਖਰੀਦਣ ਲਈ ਮਜਬੂਰ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਬੋਰਡ ਦੀ ਇਸ ਨਵੀਂ ਪਹਿਲ ਨਾਲ ਹੁਣ ਸਿੱਧੇ ਤੌਰ ’ਤੇ ਵਿਦਿਆਰਥੀਆਂ ਨੂੰ ਲਾਭ ਪਹੁੰਚੇਗਾ ਅਤੇ ਸਕੂਲਾਂ ਦੀ ਭੂਮਿਕਾ ਸਿਰਫ ਇਕ ਸਹੂਲਤ ਦੇਣ ਵਾਲੇ (ਫੈਸਿਲੀਟੇਟਰ) ਦੀ ਰਹਿ ਜਾਵੇਗੀ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਡਿਜੀਟਲ ਮਾਡਲ ਨਾਲ ਕਿਤਾਬਾਂ ਦੀ ਕਿੱਲਤ ਖਤਮ ਹੋਵੇਗੀ ਤੇ ਪੂਰੇ ਰਾਜ ਵਿੱਚ ਕੀਮਤਾਂ ਵਿਚ ਇੱਕਸਾਰਤਾ ਆਵੇਗੀ।
ਇਹ ਵੀ ਪੜ੍ਹੋ : 16 ਅਪ੍ਰੈਲ ਤੋਂ ਬੰਦ ਹੋ ਜਾਣਗੇ ਇਹ ਬੈਂਕ ਖਾਤੇ, PNB ਗਾਹਕਾਂ ਲਈ ਵੱਡੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
