RBI ਦੀ ਬਚਤ ਖਾਤਾ ਧਾਰਕਾਂ ਨੂੰ ਸੌਗਾਤ, ਨਵੇਂ ਸਾਲ ਤੋਂ ਮੁਫਤ ਮਿਲੇਗੀ ਇਹ ਸੁਵਿਧਾ

Saturday, Dec 28, 2019 - 11:05 AM (IST)

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬਚਤ ਬੈਂਕ ਖਾਤਾ ਧਾਰਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਪਹਿਲੀ ਜਨਵਰੀ ਤੋਂ ਰਾਸ਼ਟਰੀ ਇਲੈਕਟ੍ਰਾਨਿਕ ਫੰਡ ਟਰਾਂਸਫਰ (ਐੱਨ. ਈ. ਐੱਫ. ਟੀ.) ਸੁਵਿਧਾ ਬਿਲਕੁਲ ਮੁਫਤ ਹੋਣ ਜਾ ਰਹੀ ਹੈ। ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਆਰ. ਬੀ. ਆਈ. ਨੇ ਬੈਂਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ 1 ਜਨਵਰੀ 2020 ਤੋਂ ਬਚਤ ਖਾਤਾ ਧਾਰਕਾਂ ਕੋਲੋਂ ਐੱਨ. ਈ. ਐੱਫ. ਟੀ. ਮਨੀ ਟਰਾਂਸਫਰ ਲਈ ਕੋਈ ਚਾਰਜ ਨਾ ਲੈਣ।

 

ਬੈਂਕਾਂ ਦੇ ਬਚਤ ਖਾਤਾ ਧਾਰਕ ਆਨਲਾਈਨ ਜਾਂ ਮੋਬਾਇਲ ਬੈਂਕਿੰਗ ਜ਼ਰੀਏ ਐੱਨ. ਈ. ਐੱਫ. ਟੀ. ਰਾਹੀਂ ਬਿਨਾਂ ਕਿਸੇ ਚਾਰਜ ਦੇ ਪੈਸੇ ਟਰਾਂਸਫਰ ਕਰ ਸਕਣਗੇ। ਆਰ. ਬੀ. ਆਈ. ਨੇ ਨੋਟੀਫਿਕੇਸ਼ਨ 'ਚ ਕਿਹਾ ਹੈ ਕਿ ਉਸ ਨੇ ਇਹ ਹੁਕਮ 'ਪੇਮੈਂਟ ਤੇ ਸੈਟਲਮੈਂਟ ਐਕਟ-2007' ਦੀ ਧਾਰਾ 18 ਦੇ ਨਾਲ ਸੈਕਸ਼ਨ 10(2) ਤਹਿਤ ਦਿੱਤਾ ਹੈ ਤੇ 1 ਜਨਵਰੀ 2020 ਤੋਂ ਲਾਗੂ ਹੋਵੇਗਾ।

ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਹਾਲ ਹੀ 'ਚ ਰਾਸ਼ਟਰੀ ਪੈਨਸ਼ਨ ਫੰਡ ਟਰਾਂਸਫਰ ਸੁਵਿਧਾ ਨੂੰ ਹਫਤੇ 'ਚ ਹਰ ਰੋਜ਼ 24 ਘੰਟੇ ਕਰ ਦਿੱਤਾ ਹੈ, ਜਿਸ ਦਾ ਮਤਲਬ ਹੈ ਕਿ ਬਿਨਾਂ ਘੜੀ ਦੇਖੇ ਹੁਣ ਤੁਸੀਂ ਕਿਸੇ ਵੀ ਸਮੇਂ ਪੈਸੇ ਟਰਾਂਸਫਰ ਕਰ ਸਕਦੇ ਹੋ। ਇਹ ਸੁਵਿਧਾ ਬੈਂਕ ਹਾਲੀਡੇਜ਼ ਵਾਲੇ ਦਿਨ ਵੀ ਉਪਲੱਬਧ ਹੈ। ਇਹ ਸੁਵਿਧਾ ਵੱਡੀ ਟ੍ਰਾਂਜੈਕਸ਼ਨ ਲਈ ਕਾਫੀ ਫਾਇਦੇਮੰਦ ਸਾਬਤ ਹੋਵੇਗੀ, ਜਿੱਥੇ ਯੂ. ਪੀ. ਆਈ. ਜਾਂ IMPS ਦਾ ਇਸਤੇਮਾਲ ਨਹੀਂ ਹੁੰਦਾ।

ਐੱਨ. ਈ. ਐੱਫ. ਟੀ. (NEFT) 'ਤੇ ਚਾਰਜ ਸਮਾਪਤ ਹੋਣ ਨਾਲ ਛੋਟੇ ਦੁਕਾਨਦਾਰਾਂ ਨੂੰ ਵੀ ਫਾਇਦਾ ਹੋਵੇਗਾ। ਰਾਸ਼ਟਰੀ ਇਲੈਕਟ੍ਰਾਨਿਕ ਫੰਡ ਟਰਾਂਸਫਰ ਦੀ ਦੇਖ-ਰੇਖ ਭਾਰਤੀ ਰਿਜ਼ਰਵ ਬੈਂਕ ਕਰਦਾ ਹੈ। ਇਸ ਦਾ ਇਸਤੇਮਾਲ ਇਕ ਬੈਂਕ ਖਾਤੇ ਤੋਂ ਦੂਜੇ 'ਚ ਪੈਸੇ ਟਰਾਂਸਫਰ ਲਈ ਹੁੰਦਾ ਹੈ। ਹਾਲਾਂਕਿ, ਭਾਰਤੀ ਸਟੇਟ ਬੈਂਕ, ਆਈ. ਸੀ. ਆਈ. ਸੀ. ਆਈ. ਵਰਗੇ ਕੁਝ ਬੈਂਕ ਪਹਿਲਾਂ ਹੀ ਇਹ ਸੁਵਿਧਾ ਚਾਰਜ ਮੁਕਤ ਕਰ ਚੁੱਕੇ ਹਨ।


Related News