ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ’ਤੇ ਹੋਵੇਗਾ ਜ਼ੋਰ : ਨੀਤੀ ਆਯੋਗ

Monday, Dec 31, 2018 - 12:55 AM (IST)

ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ’ਤੇ ਹੋਵੇਗਾ ਜ਼ੋਰ : ਨੀਤੀ ਆਯੋਗ

ਨਵੀਂ ਦਿੱਲੀ-ਨੀਤੀ ਆਯੋਗ ਦੇ ਉਪ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਆਯੋਗ ਦੀ ਨਵੇਂ ਸਾਲ ’ਚ ਆਰਥਿਕ ਵਾਧਾ ਨੂੰ ਰਫ਼ਤਾਰ ਦੇਣ, ਇਲੈਕਟ੍ਰਾਨਿਕ ਵਾਹਨਾਂ ਨੂੰ ਉਤਸ਼ਾਹ ਦੇਣ ਤੇ ਮੋਦੀ ਸਰਕਾਰ ਦੇ ਸੁਧਾਰਾਤਮਕ ਪ੍ਰੋਗਰਾਮਾਂ ਦੇ ਤੇਜ਼ੀ ਨਾਲ ਲਾਗੂਕਰਨ ਯਕੀਨੀ ਬਣਾਉਣ ਲਈ ਸਬੰਧਤ ਉਪਰਾਲਿਆਂ ’ਤੇ ਜ਼ੋਰ ਦੇਣ ਦੀ ਯੋਜਨਾ ਹੈ। ਕੁਮਾਰ ਨੇ ਕਿਹਾ, ‘‘ਦੇਸ਼ ਦੀ ਆਰਥਿਕ ਵਾਧਾ ਦਰ ਅਗਲੇ ਸਾਲ ਕਰੀਬ 7.8 ਫ਼ੀਸਦੀ ਰਹੇਗੀ ਅਤੇ ਨਿਵੇਸ਼ ਚੱਕਰ ’ਚ ਹੁਣ ਤੇਜ਼ੀ ਆ ਰਹੀ ਹੈ ਅਤੇ ਇਸ ’ਚ ਆਉਣ ਵਾਲੇ ਸਮੇਂ ’ਚ ਹੋਰ ਮਜ਼ਬੂਤੀ ਆਵੇਗੀ। ਸਾਨੂੰ ਕੁੱਝ ਹੋਰ ਨਿੱਜੀ ਨਿਵੇਸ਼ ਦੇਖਣ ਨੂੰ ਮਿਲਣਗੇ।’’ ਦੇਸ਼ ਦੀ ਆਰਥਿਕ ਵਾਧਾ ਦਰ ਮਾਰਚ 2018 ’ਚ ਖ਼ਤਮ ਵਿੱਤੀ ਸਾਲ ’ਚ 6.7 ਫ਼ੀਸਦੀ ਰਹੀ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਈ ਸੁਧਾਰਾਂ ਨੂੰ ਅੱਗੇ ਵਧਾਇਆ ਹੈ ਅਤੇ ਉੱਚਾ ਵਾਧਾ ਅਤੇ ਘੱਟੋ-ਘੱਟ ਮਹਿੰਗਾਈ ਦੀ ਨੀਂਹ ਤਿਆਰ ਕੀਤੀ ਹੈ। ਹੁਣ ਸਮਾਂ ਉਨ੍ਹਾਂ ਦੇ ਲਾਗੂਕਰਨ ’ਤੇ ਜ਼ੋਰ ਦੇਣ ਦਾ ਹੈ। 

ਕੁਮਾਰ ਨੇ ਕਿਹਾ, ‘‘ਮੈਨੂੰ ਭਰੋਸਾ ਹੈ ਕਿ ਇਲੈਕਟ੍ਰਾਨਿਕ ਵਾਹਨ, ਊਰਜਾ ਖੇਤਰ ’ਚ ਦਰਾਮਦ ਨਿਰਭਰਤਾ ਘੱਟ ਕਰਨ ਅਤੇ ਪੂਰਬ-ਉੱਤਰੀ ਖੇਤਰਾਂ ਦੇ ਵਿਕਾਸ ਲਈ ਕੁੱਝ ਹੋਰ ਨੀਤੀਗਤ ਸੁਧਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ।’’ ਉਨ੍ਹਾਂ ਕਿਹਾ, ‘‘ਪਹਿਲੀ ਵਾਰ ਤੁਸੀਂ ਘੱਟ ਮਹਿੰਗਾਈ ਦਰ ਨਾਲ 7.5 ਫ਼ੀਸਦੀ ਵਾਧਾ ਦਰ ਹਾਸਲ ਕਰ ਰਹੇ ਹੋ। ਇਹ ਮਜ਼ਬੂਤ ਵਿਸ਼ਾਲ ਆਰਥਿਕ ਬੁਨਿਆਦ ਨੂੰ ਦਰਸਾਉਂਦਾ ਹੈ। ਇਹ 2022-23 ਤੱਕ 9 ਫ਼ੀਸਦੀ ਦੀ ਆਰਥਿਕ ਵਾਧਾ ਦਰ ਹਾਸਲ ਕਰਨ ਦਾ ਆਧਾਰ ਹੈ।’’ 


Related News