ਖੇਤੀਬਾੜੀ ਮੰਤਰਾਲਾ ਨੇ ਦੇਸ਼ ’ਚ ਕਪਾਹ ਉਤਪਾਦਨ ਦਾ ਅਨੁਮਾਨ ਘਟਾ ਕੇ 315.4 ਲੱਖ ਗੰਢਾਂ ਪ੍ਰਗਟਾਇਆ
Saturday, May 21, 2022 - 01:32 PM (IST)

ਜੈਤੋ–ਕੇਂਦਰੀ ਖੇਤੀਬਾੜੀ ਮੰਤਰਾਲਾ ਵਲੋਂ ਸੀਜ਼ਨ ਸਾਲ 2021-22 ਲਈ ਮੁੱਖ ਫਸਲਾਂ ਦੇ ਉਤਪਾਦਨ ਦੇ ਤੀਜੇ ਪੇਸ਼ਗੀ ਅਨੁਮਾਨ ਮੁਤਾਬਕ ਦੇਸ਼ ’ਚ ਚਾਲੂ ਕਪਾਹ ਸੀਜ਼ਨ ਦੌਰਾਨ 315.4 ਲੱਖ ਗੰਢਾਂ ਕਪਾਹ (ਪ੍ਰਤੀ ਗੰਢ 170 ਕਿਲੋਗ੍ਰਾਮ) ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਮੰਤਰਾਲਾ ਨੇ ਫਰਵਰੀ ’ਚ ਆਪਣੇ ਦੂਜੇ ਪੇਸ਼ਗੀ ਅਨੁਮਾਨ ’ਚ 3.40 ਲੱਖ ਗੰਢਾਂ ਕਪਾਹ ਹੋਣ ਦੀ ਗੱਲ ਕਹੀ ਗਈ ਸੀ। ਇਹ ਉਪਰੋਕਤ ਤਾਜ਼ਾ ਅਨੁਮਾਨ ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਦੇ 323 ਗੰਢਾਂ ਅਨੁਮਾਨ ਤੋਂ ਘੱਟ ਹੈ।
ਉੱਥੇ ਹੀ ਰੂੰ ਬਾਜ਼ਾਰ ਦੇ ਤੇਜ਼ੜੀਆਂ ਦਾ ਮੰਨਣਾ ਹੈ ਕਿ ਚਾਲੂ ਕਪਾਹ ਸੀਜ਼ਨ ਦੌਰਾਨ ਦੇਸ਼ ’ਚ ਕਪਾਹ ਉਤਪਾਦਨ 3 ਕਰੋੜ ਗੰਢਾਂ ਤੋਂ ਹੇਠਾਂ ਰਹੇਗਾ। ਪਿਛਲੇ ਸਾਲ ਦੇਸ਼ ’ਚ ਲਗਭਗ 352.48 ਤੋਂ 355 ਲੱਖ ਗੰਢਾਂ ਮੰਡੀਆਂ ’ਚ ਆਈਆਂ ਸਨ। ਇਸ ਸਾਲ ਕਪਾਹ ਉਤਪਾਦਨ ਲੱਖਾਂ ਗੰਢਾਂ ਘੱਟ ਹੋਣ ਨਾਲ ਭਾਰਤੀ ਰੂੰ ਵਪਾਰ ਜਗਤ ’ਚ ਤੇਜ਼ੀ ਦਾ ਤੂਫਾਨ ਚੱਲ ਰਿਹਾ ਹੈ, ਜਿਸ ਨਾਲ ਭਾਰਤੀ ਟੈਕਸਟਾਈਲ ਉਦਯੋਗ ਅਤੇ ਕਤਾਈ ਮਿਲਰ ਉਦਯੋਗ ਡਾਵਾਂਡੋਲ ਹੋ ਗਿਆ ਹੈ। ਕੇਂਦਰ ਸਰਕਾਰ ਦੀ ਕਾਟਨ ਐਡਵਾਇਜ਼ਰੀ ਆਫ ਇੰਡੀਆ (ਸੀ. ਏ. ਬੀ.) ਦੀ ਬੈਠਕ 23 ਮਈ ਨੂੰ ਸੱਦੀ ਗਈ ਹੈ, ਜਿਨ੍ਹਾਂ ’ਚ ਕਾਟਨ ਨਾਲ ਸਬੰਧਤ ਸਾਰੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਏਗਾ।