ਕੋਰੋਨਾ ਕਾਰਨ ਸ਼ੇਅਰ ਬਾਜ਼ਾਰ 'ਚ ਲੱਗਾ ਲੋਅਰ ਸਰਕਿਟ, ਜਾਣੋ ਕਦੋਂ-ਕਦੋਂ ਹੋਇਆ ਅਜਿਹਾ

03/13/2020 2:43:15 PM

ਮੁੰਬਈ — ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਖਤਰਾ ਵਧਦਾ ਜਾ ਰਿਹਾ ਹੈ। ਇਸ ਕਾਰਨ ਅਮਰੀਕਾ ਤੋਂ ਲੈ ਕੇ ਭਾਰਤ ਤੱਕ ਦੇ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਅੰਤਿਮ ਕਾਰੋਬਾਰੀ ਦਿਨ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਹਾਲਾਤ ਇੰਨੇ ਬੁਰੇ ਹੋ ਗਏ ਹਨ ਕਿ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਭਾਰਤੀ ਬਾਜ਼ਾਰ 'ਚ ਲੋਅਰ ਸਰਕਿਟ ਲੱਗ ਗਿਆ। 

ਨਿਫਟੀ ਦਾ ਕਾਰੋਬਾਰ 45 ਮਿੰਟਾਂ ਲਈ ਹੋਇਆ ਬੰਦ

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਲੋਅਰ ਸਰਕਿਟ ਲੱਗਦੇ-ਲੱਗਦੇ ਬਚਿਆ। ਬਾਜ਼ਾਰ ਵਾਰ-ਵਾਰ ਲੋਅਰ ਸਰਕਿਟ ਯਾਨੀ ਕਿ 10 ਫੀਸਦੀ ਦੀ ਗਿਰਾਵਟ ਦੇ ਕੋਲ ਪਹੁੰਚ ਰਿਹਾ ਸੀ ਪਰ ਹਰ ਵਾਰ ਰਿਕਵਰ ਹੁੰਦਾ ਰਿਹਾ। ਇਸ ਗਿਰਾਵਟ ਨੂੰ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਗਿਰਾਵਟਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ। ਵੀਰਵਾਰ ਨੂੰ ਨਿਫਟੀ ਜੁਲਾਈ 2017 ਦੇ ਬਾਅਦ ਪਹਿਲੀ ਵਾਰ 9600 ਦੇ ਪੱਧਰ ਤੋਂ ਹੇਠਾਂ ਚਲਾ ਗਿਆ ਸੀ ਪਰ ਸ਼ੁੱਕਰਵਾਰ ਨੂੰ ਤਾਂ ਕਾਰੋਬਾਰ ਸ਼ੁਰੂ ਹੋਣ ਦੇ ਕੁਝ ਮਿੰਟਾਂ ਬਾਅਦ ਹੀ 10 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਅਤੇ ਨਿਫਟੀ ਦਾ ਕਾਰੋਬਾਰ 45 ਮਿੰਟਾਂ ਲਈ ਬੰਦ ਕਰ ਦਿੱਤਾ ਗਿਆ। ਹਾਲਾਂਕਿ ਜਦੋਂ ਸ਼ੇਅਰ ਬਾਜ਼ਾਰ ਦੋਬਾਰਾ ਖੁੱਲ੍ਹਿਆ ਤਾਂ ਨਿਫਟੀ 'ਚ ਹੌਲੀ-ਹੌਲੀ ਰਿਕਵਰੀ ਦਿਖਾਈ ਦਿੱਤੀ।

ਸੈਂਸੈਕਸ ਨੂੰ ਵੀ ਲੱਗਾ ਲੋਅਰ ਸਰਕਿਟ

ਇਸ ਦੇ ਨਾਲ ਹੀ ਜੇਕਰ ਸੈਂਸੈਕਸ ਦੀ ਗੱਲ ਕਰੀਏ ਤਾਂ ਇਸ 'ਚ ਪਿਛਲੇ ਕਰੀਬ 12 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦਿਖਾਈ ਦਿੱਤੀ। ਇਸ ਤੋਂ ਪਹਿਲਾਂ 2008 'ਚ ਇੰਨੀ ਵੱਡੀ ਗਿਰਾਵਟ ਆਈ ਸੀ। ਸ਼ੁੱਕਰਵਾਰ ਨੂੰ ਸੈਂਸੈਕਸ 'ਚ 9.43 ਫੀਸਦੀ ਦੀ ਗਿਰਾਵਟ ਦੇ ਬਾਅਦ ਹੀ ਲੋਅਰ ਸਰਕਿਟ ਲਗਾ ਦਿੱਤਾ ਗਿਆ ਅਤੇ 45 ਮਿੰਟਾਂ ਲਈ ਕਾਰੋਬਾਰ ਬੰਦ ਕਰ ਦਿੱਤਾ ਗਿਆ। ਜਦੋਂ ਸ਼ੇਅਰ ਬਾਜ਼ਾਰ ਦੁਬਾਰਾ ਖੁੱਲ੍ਹਿਆ ਤਾਂ ਸੈਂਸੈਕਸ 'ਚ ਮਜ਼ਬੂਤੀ ਦੇਖਣ ਨੂੰ ਮਿਲੀ। ਸ਼ੇਅਰ ਬਾਜ਼ਾਰ ਦੇ ਇਤਿਹਾਸ 'ਚ ਅਜਿਹੇ ਚਾਰ ਮੌਕੇ ਆ ਚੁੱਕੇ ਹਨ ਜਦੋਂ ਸੈਂਸੈਕਸ 'ਚ ਲੋਅਰ ਸਰਕਿਟ ਲੱਗਾ ਅਤੇ ਸ਼ੇਅਰ ਬਾਜ਼ਾਰ ਠੱਪ ਹੋ ਗਿਆ।

ਕੀ ਹੁੰਦਾ ਹੈ ਲੋਅਰ ਸਰਕਿਟ

ਸ਼ੇਅਰ ਬਾਜ਼ਾਰ 'ਚ ਜੇਕਰ 10 ਫੀਸਦੀ ਜਾਂ ਫਿਰ ਉਸ ਤੋਂ ਵੱਧ ਦਾ ਫੇਰਬਦਲ ਹੁੰਦਾ ਹੈ ਤਾਂ ਕਾਰੋਬਾਰ ਇਕ ਨਿਸ਼ਚਿਤ ਸਮੇਂ ਲਈ ਰੋਕ ਦਿੱਤਾ ਜਾਂਦਾ ਹੈ। ਜੇਕਰ ਇਹ ਬਦਲਾਅ ਗਿਰਾਵਟ ਦੇ ਕਾਰਨ ਆਇਆ ਹੈ ਤਾਂ ਇਸ ਨੂੰ ਲੋਅਰ ਸਰਕਿਟ ਕਹਿੰਦੇ ਹਨ ਅਤੇ ਜੇਕਰ ਇਹ ਬਦਲਾਅ ਵਾਧੇ ਦੇ ਕਾਰਨ ਆਉਂਦਾ ਹੈ ਤਾਂ ਇਸ ਨੂੰ ਅੱਪਰ ਸਰਕਿਟ ਕਹਿੰਦੇ ਹਨ। ਦਿਨ ਦੇ ਵੱਖ-ਵੱਖ ਸਮੇਂ ਦੇ ਹਿਸਾਬ ਨਾਲ ਵੱਖ-ਵੱਖ ਮਿਆਦ ਲਈ ਬਾਜ਼ਾਰ ਬੰਦ ਹੁੰਦੇ ਹਨ। ਇਸ ਦੇ ਨਾਲ ਹੀ ਗਿਰਾਵਟ ਦੇ ਹਿਸਾਬ ਨਾਲ ਵੀ ਇਹ ਤੈਅ ਕੀਤਾ ਜਾਂਦਾ ਹੈ ਕਿ ਕਿੰਨੀ ਦੇਰ ਲਈ ਬਾਜ਼ਾਰ ਬੰਦ ਹੋਵੇਗਾ ਜਾਂ ਫਿਰ ਪੂਰੇ ਦਿਨ ਲਈ ਬਾਜ਼ਾਰ ਬੰਦ ਕੀਤਾ ਜਾਵੇਗਾ।

ਸੈਂਸੈਕਸ ਦੇ ਇਤਿਹਾਸ 'ਚ ਹੁਣ ਤੱਕ 4 ਵਾਰ ਲੱਗ ਚੁੱਕਾ ਹੈ ਲੋਅਰ ਸਰਕਿਟ

  • ਸਭ ਤੋਂ ਪਹਿਲਾ ਮੌਕਾ 21 ਦਸੰਬਰ 1990 'ਚ ਆਇਆ ਸੀ, ਜਦੋਂ ਸੈਂਸੈਕਸ 'ਚ 16.19 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਦੇ ਬਾਅਦ ਸ਼ੇਅਰ ਬਾਜ਼ਾਰ 1034.96 ਦੇ ਪੱਧਰ 'ਤੇ ਪਹੁੰਚ ਗਿਆ ਸੀ।
  • ਸ਼ੇਅਰ ਬਾਜ਼ਾਰ ਦਾ ਇਤਿਹਾਸ ਦੇਖ ਕੇ ਪਤਾ ਲੱਗਦਾ ਹੈ ਕਿ ਸੈਂਸੈਕਸ 'ਚ ਦੂਜੀ ਵਾਰ ਸਭ ਤੋਂ ਵੱਡੀ ਗਿਰਾਵਟ 28 ਅਪ੍ਰੈਲ 1992 'ਚ ਆਈ ਸੀ। ਉਸ ਸਮੇਂ ਸੈਂਸੈਕਸ 'ਚ 12.77 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਉਸ ਦਿਨ ਸ਼ੇਅਰ ਬਾਜ਼ਾਰ 3896.90 ਦੇ ਪੱਧਰ 'ਤੇ ਬੰਦ ਹੋਇਆ ਸੀ।
  • ਤੀਜਾ ਮੌਕਾ ਸੀ 17 ਮਈ 2004 ਦਾ, ਜਦੋਂ ਸ਼ੇਅਰ ਬਾਜ਼ਾਰ 'ਚ 11.14 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਉਸ ਸਮੇਂ ਸ਼ੇਅਰ ਬਾਜ਼ਾਰ 4505.16 ਦੇ ਪੱਧਰ 'ਤੇ ਜਾ ਕੇ ਬੰਦ ਹੋਇਆ ਸੀ।
  • ਵੀਰਵਾਰ ਵਰਗੀ ਗਿਰਾਵਟ ਇਸ ਤੋਂ ਪਹਿਲਾਂ 2008 'ਚ ਦੇਖੀ ਗਈ ਸੀ। 24 ਅਕਤੂਬਰ 2008 ਨੂੰ ਸੈਂਸੈਕਸ 'ਚ 10.96 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਉਸ ਦਿਨ ਸ਼ੇਅਰ ਬਾਜ਼ਾਰ 8701.07 ਦੇ ਪੱਧਰ 'ਤੇ ਬੰਦ ਹੋਇਆ ਸੀ।

ਡੁੱਬ ਗਏ 12 ਲੱਖ ਕਰੋੜ

ਸ਼ੇਅਰ ਬਾਜ਼ਾਰ ਵਿਚ 45 ਮਿੰਟ ਲਈ ਟ੍ਰੇਡਿੰਗ ਰੋਕ ਦਿੱਤੀ ਗਈ। ਮਤਲਬ ਇਹ ਕਿ ਇਸ ਦੌਰਾਨ ਸ਼ੇਅਰ ਬਾਜ਼ਾਰ 'ਚ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਨਹੀਂ ਹੋਇਆ। ਇੰਨਾ ਹੀ ਨਹੀਂ ਲੋਅਰ ਸਰਕਿਟ ਦੇ ਕਾਰਨ ਨਿਵੇਸ਼ਕਾਂ ਦੀ 12 ਲੱਖ ਕਰੋੜ ਰੁਪਏ ਤੋਂ ਵਧ ਦੀ ਰਕਮ ਡੁੱਬ ਗਈ।

ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨ ਧਾਰਕਾਂ ਲਈ ਸਰਕਾਰ ਦਾ ਵੱਡਾ ਤੋਹਫਾ, ਵਧਿਆ ਮਹਿੰਗਾਈ ਭੱਤਾ


Related News