ਸੋਨੇ ਦੀ ਵਿਕਰੀ ਅਕਸ਼ੈ ਤ੍ਰਿਤੀਆ 'ਤੇ 'ਲਾਕ' ਰਹਿਣ ਦਾ ਡਰ, ਜਿਊਲਰਾਂ ਨੂੰ ਭਾਰੀ ਨੁਕਸਾਨ
Tuesday, Apr 21, 2020 - 11:38 AM (IST)

ਮੁੰਬਈ— ਕੋਰੋਨਾ ਸੰਕਰਮਣ ਨੂੰ ਰੋਕਣ ਲਈ 24 ਮਾਰਚ ਤੋਂ 3 ਮਈ ਤੱਕ ਇਕ ਮਹੀਨੇ ਤੋਂ ਵੱਧ ਸਮੇਂ ਲਈ ਲੱਗਾ ਲਾਕਡਾਊਨ ਜਿਊਲਰਾਂ ਲਈ ਸਭ ਤੋਂ ਵੱਧ ਮੁਸ਼ਕਲ ਤੇ ਵਿੱਤੀ ਬੋਝ ਵਧਾਉਣ ਵਾਲਾ ਸਾਬਤ ਹੋਣ ਜਾ ਰਿਹਾ ਹੈ ਕਿਉਂਕਿ ਇਹ ਮਹੀਨਾ ਜਿਸ 'ਚ ਸੋਨੇ ਦੀ ਸਭ ਤੋਂ ਵੱਧ ਮੰਗ ਹੁੰਦੀ ਹੈ ਇਸ ਵਾਰ ਬੇਕਾਰ ਹੀ ਨਿਕਲਣ ਜਾ ਰਿਹਾ ਹੈ। 26 ਅਪ੍ਰੈਲ ਨੂੰ ਅਕਸ਼ੈ ਤ੍ਰਿਤੀਆ ਹੈ ਪਰ ਲਾਕਡਾਊਨ ਕਾਰਨ ਖਰੀਦਦਾਰੀ ਨਾ ਹੋਣ ਦੀ ਵਜ੍ਹਾ ਨਾਲ ਜਿਊਲਰਾਂ ਨੂੰ ਨੁਕਸਾਨ ਝਲਣਾ ਪਵੇਗਾ।
ਸੋਨੇ ਦੀਆਂ ਉੱਚੀਆਂ ਕੀਮਤਾਂ ਹੋਣ ਕਾਰਨ ਪਹਿਲਾਂ ਹੀ ਮਾਰਚ ਤੋਂ ਸਰਾਫਾ ਬਾਜ਼ਾਰ ਠੱਪ ਹਨ। ਇਸ ਤੋਂ ਇਲਾਵਾ ਇਕ ਪੰਦਰਵਾੜੇ ਤੱਕ ਸ਼ੁੱਭ ਸਮਾਂ ਨਾ ਹੋਣ ਕਾਰਨ ਕੋਈ ਖਰੀਦਦਾਰੀ ਨਹੀਂ ਹੋਈ ਸੀ। ਹਾਲਾਂਕਿ, ਸਰਾਫਾ ਕਾਰੋਬਾਰੀਆਂ ਨੇ ਵਿਆਹਾਂ-ਸ਼ਾਦੀਆਂ ਤੇ 26 ਅਪ੍ਰੈਲ ਨੂੰ ਆਉਣ ਵਾਲੇ ਅਕਸ਼ੈ ਤ੍ਰਿਤੀਆ ਦੀ ਮੰਗ ਪੂਰੀ ਕਰਨ ਲਈ ਪਹਿਲਾਂ ਹੀ ਸੋਨੇ ਦਾ ਸਟਾਕ ਕਰ ਲਿਆ ਸੀ ਪਰ ਹੁਣ ਲਾਕਡਾਊਨ ਨਾਲ ਸਥਿਤੀ ਇਹ ਹੋ ਗਈ ਹੈ ਕਿ ਲੋਕਾਂ ਕੋਲ ਨਕਦੀ ਦੀ ਕਮੀ ਹੈ, ਇਸ ਲਈ ਜਿਊਲਰਾਂ ਨੂੰ ਖਦਸ਼ਾ ਹੈ ਕਿ ਜਦੋਂ ਉਨ੍ਹਾਂ ਨੂੰ ਫਿਰ ਤੋਂ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਸੋਨਾ ਖਰੀਦਦਾਰਾਂ ਦੀ ਗਿਣਤੀ ਘੱਟ, ਜਦੋਂ ਕਿ ਪੁਰਾਣਾ ਸੋਨਾ ਵੇਚਣ ਵਾਲਿਆਂ ਦੀ ਭੀੜ ਜ਼ਿਆਦਾ ਹੋ ਸਕਦੀ ਹੈ।
ਸਰਬ ਭਾਰਤੀ ਰਤਨ ਤੇ ਜਿਊਲਰੀ ਡੋਮੈਸਟਿਕ ਕੌਂਸਲ (ਜੀ. ਜੇ. ਸੀ.) ਦੇ ਚੇਅਰਮੈਨ ਅਨੰਤ ਪਦਮਨਾਭਨ ਨੇ ਕਿਹਾ, ''ਇਸ ਸਾਲ 26 ਅਪ੍ਰੈਲ ਨੂੰ ਆਉਣ ਵਾਲਾ ਅਕਸ਼ੈ ਤ੍ਰਿਤੀਆ ਗਹਿਣੇ ਨਿਰਮਾਤਾਵਾਂ ਲਈ ਚੰਗਾ ਨਹੀਂ ਹੋਵੇਗਾ ਕਿਉਂਕਿ ਦੇਸ਼ ਭਰ 'ਚ ਲਾਕਡਾਊਨ ਹੈ। ਗਹਿਣਿਆਂ ਦੀ ਵਿਕਰੀ ਠੱਪ ਪਈ ਹੈ। ਫੈਕਟਰੀਆਂ ਬੰਦ ਹਨ, ਜਿਸ ਕਾਰਨ ਜਿਊਲਰੀ ਨਿਰਮਾਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।''
ਪਿਛਲੇ ਅਕਸ਼ੈ ਤ੍ਰਿਤੀਆ 'ਤੇ 33 ਟਨ ਵਿਕਿਆ ਸੀ ਸੋਨਾ
ਇੰਡਸਟਰੀ ਮੁਤਾਬਕ, ਪਿਛਲੇ ਸਾਲ ਅਕਸ਼ੈ ਤ੍ਰਿਤੀਆ 'ਤੇ 33 ਟਨ ਸੋਨੇ ਦੀ ਵਿਕਰੀ ਹੋਈ ਸੀ ਪਰ ਇਸ ਵਾਰ ਇਹ ਮੌਕਾ ਬੇਕਾਰ ਹੀ ਨਿਕਲਣ ਜਾ ਰਿਹਾ ਹੈ। ਮੁੰਬਈ ਦੇ ਇਕ ਸਰਾਫਾ ਡੀਲਰ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਣ ਕਾਰਨ ਵੀ ਇਸ ਵਾਰ ਸੋਨੇ ਦੀ ਖਰੀਦਦਾਰੀ ਨੂੰ ਲੈ ਕੇ ਨਿਵੇਸ਼ਕਾਂ ਦਾ ਮੋਹ ਭੰਗ ਹੋਇਆ ਹੈ।
ਸੋਨੇ ਦੀਆਂ ਕੀਮਤਾਂ 'ਚ ਤਕੜਾ ਵਾਧਾ ਹੋਣ ਕਾਰਨ ਪਿਛਲੇ ਇਕ ਸਾਲ ਦੌਰਾਨ ਇਸ ਨੇ 44.6 ਫੀਸਦੀ ਰਿਟਰਨ ਦਿੱਤਾ ਹੈ। ਸੋਨਾ ਮੌਜੂਦਾ ਸਮੇਂ ਤਕਰੀਬਨ 45-46 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ 'ਤੇ ਹੈ, ਜਦੋਂ ਕਿ ਪਿਛਲੇ ਸਾਲ 7 ਮਈ ਨੂੰ ਅਕਸ਼ੈ ਤ੍ਰਿਤੀਆ 'ਤੇ ਸੋਨਾ 31,500 ਰੁਪਏ ਪ੍ਰਤੀ 10 ਗ੍ਰਾਮ 'ਤੇ ਸੀ। ਜਿਊਲਰਾਂ ਮੁਤਾਬਕ, ਸੋਨਾ ਮਹਿੰਗਾ ਹੋਣ ਕਾਰਨ ਇਸ ਸਮੇਂ ਇਸ ਦੀ ਮੰਗ ਖਤਮ ਹੋ ਗਈ ਹੈ ਅਤੇ ਗਾਹਕ ਪੁਰਾਣਾ ਸੋਨਾ ਵੇਚਣ ਲਈ ਬਾਜ਼ਾਰ 'ਚ ਆ ਸਕਦੇ ਹਨ। ਹਾਲਾਂਕਿ, ਦੁਕਾਨਾਂ ਖੁੱਲ੍ਹਣ 'ਤੇ ਇਹ ਦੇਖਣਾ ਹੋਵੇਗਾ ਕਿ ਇਹ ਖਦਸ਼ਾ ਸਹੀ ਸਾਬਤ ਹੁੰਦਾ ਹੈ ਜਾਂ ਨਹੀਂ। ਸਰਾਫਾ ਕਾਰੋਬਾਰੀ ਇਸ ਮਾਹੌਲ 'ਚ ਬੈਂਕ ਲੋਨ ਨੂੰ ਵਾਪਸ ਕਰਨ 'ਚ ਮੋਹਲਤ ਦੀ ਮੰਗ ਕਰ ਰਹੇ ਹਨ। ਭਾਰਤੀ ਸਰਾਫਾ ਜਿਊਲਰਜ਼ ਸੰਗਠਨ ਨੇ ਸਰਕਾਰ ਨੂੰ ਇਸ ਮੁਸ਼ਕਲ ਦੌਰ 'ਚ ਇੰਡਸਟਰੀ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ।