ਜੈੱਟ ਏਅਰਵੇਜ਼ ਨੂੰ 1,261 ਕਰੋੜ ਰੁਪਏ ਦਾ ਘਾਟਾ

11/12/2018 10:26:37 PM

ਜਲੰਧਰ— ਨਿੱਜੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੂੰ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 1,261 ਕਰੋੜ ਰੁਪਏ ਦਾ ਸ਼ੁੱਧ ਏਕੀਕ੍ਰਿਤ ਘਾਟਾ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਜੁਲਾਈ-ਸਤੰਬਰ ਮਿਆਦ 'ਚ ਕੰਪਨੀ ਨੇ 71 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਕਮਾਇਆ ਸੀ ।
ਸਮੀਖਿਆ ਮਿਆਦ 'ਚ ਜੈੱਟ ਏਅਰਵੇਜ਼ ਦੀ ਵਿਰੋਧੀ ਕੰਪਨੀ ਇੰਡੀਗੋ ਨੂੰ ਵੀ 652.13 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ, ਜਦਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਉਸ ਨੂੰ 551.56 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ । ਹਵਾਬਾਜ਼ੀ ਕੰਪਨੀਆਂ ਈਂਧਨ ਦੀ ਉੱਚੀ ਲਾਗਤ, ਰੁਪਏ 'ਚ ਗਿਰਾਵਟ ਅਤੇ ਬਾਜ਼ਾਰ ਦੀ ਮੁਕਾਬਲੇਬਾਜ਼ੀ ਨਾਲ ਜੂਝ ਰਹੀਆਂ ਹਨ । ਇਸ ਨਾਲ ਉਨ੍ਹਾਂ ਦੀ ਸੰਚਾਲਨ ਲਾਗਤ ਵਧੀ ਹੈ।
ਨਕਦੀ ਦੀ ਕਮੀ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ਼ ਨੂੰ ਕੁਲ ਆਧਾਰ 'ਤੇ 1,297.46 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ, ਜਦਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਕੰਪਨੀ ਨੂੰ 49.63 ਕਰੋੜ ਰੁਪਏ ਦਾ ਕੁਲ ਸ਼ੁੱਧ ਮੁਨਾਫਾ ਹੋਇਆ ਸੀ। ਨਕਦੀ ਦੀ ਕਮੀ ਨਾਲ ਕੰਪਨੀ ਨੂੰ ਆਪਣੇ ਸਟਾਫ ਦੀ ਤਨਖਾਹ ਸਮੇਂ 'ਤੇ ਦੇਣ 'ਚ ਵੀ ਮੁਸ਼ਕਲ ਆ ਰਹੀ ਹੈ। ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਸਮੀਖਿਆ ਮਿਆਦ 'ਚ ਉਸ ਦੀ ਕੁਲ ਵਿਕਰੀ 6,363 ਕਰੋੜ ਰੁਪਏ ਰਹੀ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਦੀ 5,952 ਕਰੋੜ ਰੁਪਏ ਦੀ ਕਮਾਈ ਤੋਂ 6.9 ਫੀਸਦੀ ਜ਼ਿਆਦਾ ਹੈ।
ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਕੰਪਨੀ ਦੇ ਈਂਧਨ 'ਤੇ ਖਰਚ 'ਚ ਵਾਧਾ ਦਰਜ ਕੀਤਾ ਗਿਆ ਹੈ। ਸਮੀਖਿਆ ਮਿਆਦ 'ਚ ਕੰਪਨੀ ਦਾ ਈਂਧਨ 'ਤੇ ਖਰਚ 58.6 ਫੀਸਦੀ ਵਧ ਕੇ 2,419.76 ਕਰੋੜ ਰੁਪਏ ਰਿਹਾ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 1,525.66 ਕਰੋੜ ਰੁਪਏ ਸੀ। ਕੰਪਨੀ ਦੇ ਮੁੱਖ ਕਾਰਜਕਾਰੀ ਵਿਨੇ ਦੁਬੇ ਨੇ ਕਿਹਾ ਕਿ ਉਨ੍ਹਾਂ ਦਾ ਸਪੱਸ਼ਟ ਟੀਚਾ ਮੁਨਾਫਾ ਕਮਾਉਣ 'ਤੇ ਹੈ। ਅਸੀਂ ਹੁਣ ਬਦਲਾਅ ਦੇ ਦੌਰ 'ਚ ਹਾਂ। ਉਹ ਆਪਣੇ ਸਾਰੇ ਸਾਥੀਆਂ ਨਾਲ ਜੁੜੇ ਹਨ, ਜੋ ਘਰੇਲੂ ਹਵਾਬਾਜ਼ੀ ਖੇਤਰ ਦੀਆਂ ਚੁਣੌਤੀਆਂ ਨੂੰ ਸਮਝਦੇ ਹਨ ਅਤੇ ਸਾਥੀ ਬਣੇ ਹੋਏ ਹਨ।


Related News