ਜੈੱਟ ਏਅਰਵੇਜ਼ ਦੇ ਸੰਸਥਾਪਕ ਨੂੰ ਰਾਹਤ, ਮੈਡੀਕਲ ਆਧਾਰ ’ਤੇ ਹਾਈ ਕੋਰਟ ਨੇ ਦਿੱਤੀ ਜ਼ਮਾਨਤ
Monday, May 06, 2024 - 06:34 PM (IST)
ਮੁੰਬਈ (ਭਾਸ਼ਾ) - ਬੰਬੇ ਹਾਈ ਕੋਰਟ ਨੇ ਸੋਮਵਾਰ ਨੂੰ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨੂੰ ਮੈਡੀਕਲ ਆਧਾਰ ’ਤੇ ਦੋ ਮਹੀਨਿਆਂ ਲਈ ਅੰਤ੍ਰਿਮ ਜ਼ਮਾਨਤ ਦੇ ਦਿੱਤੀ। ਉਨ੍ਹਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਜਸਟਿਸ ਐੱਨ. ਜੇ. ਜਾਮਦਾਰ ਦੇ ਸਿੰਗਲ ਜੱਜ ਬੈਂਚ ਨੇ ਕਿਹਾ ਕਿ ਗੋਇਲ ਨੂੰ 1 ਲੱਖ ਰੁਪਏ ਦਾ ਜ਼ਮਾਨਤੀ ਬਾਂਡ ਭਰਨਾ ਹੋਵੇਗਾ ਅਤੇ ਉਹ ਅਧੀਨ ਅਦਾਲਤ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਮੁੰਬਈ ਤੋਂ ਬਾਹਰ ਨਹੀਂ ਜਾ ਸਕਦੇ।
ਬੈਂਚ ਨੇ ਕਿਹਾ ਿਕ ਬਿਨੈਕਾਰ (ਗੋਇਲ) ਨੂੰ 2 ਮਹੀਨਿਆਂ ਲਈ ਅੰਤ੍ਰਿਮ ਜ਼ਮਾਨਤ ’ਤੇ ਰਿਹਾਅ ਕੀਤਾ ਜਾਵੇਗਾ। ਉਹ ਸਾਰੀਆਂ ਨਿਰਧਾਰਤ ਸ਼ਰਤਾਂ ਦੀ ਪਾਲਣਾ ਕਰਨਗੇ। ਹਾਈ ਕੋਰਟ ਨੇ ਗੋਇਲ ਨੂੰ ਆਪਣਾ ਪਾਸਪੋਰਟ ਜਮ੍ਹਾ ਕਰਵਾਉਣ ਦਾ ਵੀ ਨਿਰਦੇਸ਼ ਦਿੱਤਾ ਹੈ। ਗੋਇਲ (75) ਨੇ ਮੈਡੀਕਲ ਅਤੇ ਮਨੁੱਖੀ ਆਧਾਰ ’ਤੇ ਅੰਤ੍ਰਿਮ ਜ਼ਮਾਨਤ ਦੀ ਮੰਗ ਕੀਤੀ ਸੀ ਕਿਉਂਕਿ ਉਹ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਦੋਵੇਂ ਕੈਂਸਰ ਤੋਂ ਪੀੜਤ ਹਨ।