ਲਗਜ਼ਰੀ ਕਾਰਾਂ ਦੀ ਵਿਕਰੀ ਨੂੰ ਲੱਗਾ ''ਕਰਫਿਊ'', 35 ਫੀਸਦੀ ਡਿੱਗੀ ਸੇਲ
Tuesday, Apr 21, 2020 - 04:47 PM (IST)

ਨਵੀਂ ਦਿੱਲੀ— ਇਸ ਸਾਲ ਜਨਵਰੀ ਤੋਂ ਮਾਰਚ ਵਿਚਕਾਰ ਲਗਜ਼ਰੀ ਕਾਰਾਂ ਦੀ ਵਿਕਰੀ 'ਚ ਇਕ ਤਿਹਾਈ ਤੋਂ ਵੀ ਜ਼ਿਆਦਾ ਦੀ ਗਿਰਾਵਟ ਦਰਜ ਹੋਈ ਹੈ, ਜੋ ਪਹਿਲੀ ਤਿਮਾਹੀ 'ਚ ਹੁਣ ਤੱਕ ਦੀ ਵੱਡੀ ਗਿਰਾਵਟ ਹੈ। ਲਾਕਡਾਊਨ ਕਾਰਨ ਵੀ ਲਗਜ਼ਰੀ ਕਾਰਾਂ ਦੀ ਵਿਕਰੀ ਕਾਫੀ ਪ੍ਰਭਾਵਿਤ ਹੋਈ ਹੈ।
ਇੰਡਸਟਰੀ ਮੁਤਾਬਕ, ਇਸ ਸਾਲ ਪਹਿਲੀ ਤਿਮਾਹੀ 'ਚ ਅੰਦਾਜ਼ਨ ਤਕਰੀਬਨ 7,000 ਲਗਜ਼ਰੀ ਕਾਰਾਂ ਦੀ ਵਿਕਰੀ ਹੋਈ ਹੈ, ਜੋ ਪਿਛਲੇ ਸਾਲ ਇਸ ਦੌਰਾਨ ਹੋਈ ਵਿਕਰੀ ਤੋਂ 35 ਫੀਸਦੀ ਘੱਟ ਹੈ। ਇੰਡਸਟਰੀ ਨੂੰ ਕੋਰੋਨਾ ਵਾਇਰਸ ਲਾਕਡਾਊਨ ਖੁੱਲ੍ਹਣ 'ਤੇ ਵੀ ਇਸ 'ਚ ਜਲਦ ਰਾਹਤ ਦੀ ਉਮੀਦ ਨਹੀਂ ਹੈ। ਮਰਸੀਡੀਜ਼ ਬੈਂਜ ਦੀ ਵਿਕਰੀ ਮਾਰਚ ਤਿਮਾਹੀ 'ਚ 38.5 ਫੀਸਦੀ ਘੱਟ ਕੇ 2,386 ਇਕਾਈ ਰਹੀ। ਇਸ ਦੀ ਮੁੱਖ ਮੁਕਾਬਲੇਬਾਜ਼ ਕੰਪਨੀ ਬੀ. ਐੱਮ. ਡਬਲਿਊ. ਨੇ 2,482 ਗੱਡੀਆਂ ਵੇਚੀਆਂ। ਉੱਥੇ ਹੀ, ਆਡੀ ਨੇ ਜਨਵਰੀ-ਮਾਰਚ 2020 ਦਾ ਵਿਕਰੀ ਡਾਟਾ ਸਾਂਝਾ ਨਹੀਂ ਕੀਤਾ ਹੈ, ਯਾਨੀ ਕਿ ਇੰਡਸਟਰੀ ਵੱਲੋਂ ਇਸ ਦੀ ਵਿਕਰੀ ਅੰਦਾਜ਼ਨ ਲਾਈ ਗਈ ਹੈ।
ਮਰਸੀਡੀਜ਼ ਬੈਂਜ ਇੰਡੀਆ ਦੇ ਐੱਮ. ਡੀ. ਮਾਰਟਿਨ ਸ਼ਵੈਂਕ ਨੇ ਕਿਹਾ, ''ਮੌਜੂਦਾ ਬਾਜ਼ਾਰ ਚੁਣੌਤੀਆਂ ਕੁਝ ਸਮੇਂ ਲਈ ਜਾਰੀ ਰਹਿਣ ਜਾ ਰਹੀਆਂ ਹਨ ਅਤੇ ਗਾਹਕਾਂ ਦੀਆਂ ਭਾਵਨਾਵਾਂ 'ਚ ਹੌਲੀ ਹੌਲੀ ਸੁਧਾਰ ਹੋਵੇਗਾ ਪਰ ਅਸੀਂ ਕਿਸੇ ਸਮਾਂ-ਸੀਮਾ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਸਾਡਾ ਮੰਨਣਾ ਹੈ ਕਿ 2020 ਆਟੋ ਉਦਯੋਗ ਲਈ ਇਕ ਚੁਣੌਤੀ ਭਰਿਆ ਸਾਲ ਰਹੇਗਾ ਤੇ ਇਸ ਸਮੇਂ ਕੋਈ ਵੀ ਅਨੁਮਾਨ ਲਗਾਉਣਾ ਸੰਭਵ ਨਹੀਂ ਹੈ।'' ਉਨ੍ਹਾਂ ਕਿਹਾ ਕਿ ਕੰਪਨੀ ਕਿਸੇ ਵੀ ਯੋਜਨਾ ਨੂੰ ਰੱਦ ਨਹੀਂ ਕਰੇਗੀ। ਕੰਪਨੀ ਗਾਹਕਾਂ ਦੀ ਰੁਚੀ ਤੇ ਮੰਗ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ। ਮਰਸੀਡੀਜ਼ ਬੈਂਜ ਡੀਲਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਨਾਲ ਬਣਾਈ ਰੱਖਣ ਲਈ ਸਹਾਇਤਾ ਕੀਤੀ ਜਾ ਰਹੀ ਹੈ।
ਉੱਥੇ ਹੀ, ਆਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ, ''ਮੰਗ 'ਚ ਕਮਜ਼ੋਰੀ ਤੇ ਤਰਲਤਾ ਦੀ ਘਾਟ ਕਾਰਨ ਆਟੋਮੋਟਿਵ ਉਦਯੋਗ ਤਕਰੀਬਨ ਦੋ ਸਾਲਾਂ ਤੋਂ ਤਣਾਅ 'ਚ ਹੈ। 2020 ਦੀ ਪਹਿਲੀ ਤਿਮਾਹੀ ਤੇ ਕੋਵਿਡ ਮਹਾਂਮਾਰੀ ਬੀ. ਐੱਸ.-6 ਸਟਾਕ ਲਈ ਹੋਰ ਚੁਣੌਤੀ ਲੈ ਕੇ ਆਈ ਹੈ।''