IOC ਨੇ ਜਹਾਜ਼ ਈਂਧਨ ਦਾ ਨਿਰਯਾਤ ਕੀਤਾ ਸ਼ੁਰੂ
Sunday, Jan 29, 2023 - 04:45 PM (IST)
ਮੁੰਬਈ- ਰਾਸ਼ਟਰੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਨੇ ਹਵਾਈ ਜਹਾਜ਼ ਦੇ ਈਂਧਨ ਗੈਸੋਲੀਨ ਦਾ ਨਿਰਯਾਤ ਸ਼ੁਰੂ ਕਰ ਦਿੱਤਾ ਹੈ। ਇਹ ਮਨੁੱਖ ਰਹਿਤ ਜਹਾਜ਼ਾਂ ਅਤੇ ਛੋਟੇ ਜਹਾਜ਼ਾਂ ਨੂੰ ਊਰਜਾ ਦੇਣ ਲਈ ਵਰਤਿਆ ਜਾਣ ਵਾਲਾ ਈਂਧਨ ਹੈ। ਕੰਪਨੀ ਨੇ ਇੱਕ ਬਿਆਨ 'ਚ ਕਿਹਾ ਕਿ ਹਵਾਬਾਜ਼ੀ ਗੈਸ ਦੀ 80 ਬੈਰਲ ਦੀ ਪਹਿਲੀ ਖੇਪ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇ.ਐੱਨ.ਪੀ.ਟੀ) ਤੋਂ ਪਾਪੂਆ ਨਿਊ ਗਿਨੀ ਲਈ ਭੇਜੀ ਗਈ ਸੀ। ਭਾਰਤ ਹੁਣ ਇਸ ਈਂਧਨ ਲਈ ਅੰਦਾਜ਼ਨ 2.7 ਬਿਲੀਅਨ ਡਾਲਰ ਦੇ ਵਿਸ਼ਵ ਬਾਜ਼ਾਰ 'ਚ ਦਾਖਲ ਹੋ ਰਿਹਾ ਹੈ। ਇਹ ਪਹਿਲੀ ਵਾਰ ਆਈ.ਓ.ਸੀ ਦੀ ਵਡੋਦਰਾ ਰਿਫਾਇਨਰੀ 'ਚ ਤਿਆਰ ਕੀਤਾ ਗਿਆ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਇਹ ਈਂਧਣ ਫਲਾਈਟ ਸਿਖਲਾਈ ਕੇਂਦਰ ਦੁਆਰਾ ਵਰਤੇ ਜਾਣ ਵਾਲੇ ਮਾਨਵ ਰਹਿਤ ਹਵਾਈ ਵਾਹਨਾਂ ਅਤੇ ਪਿਸਟਨ-ਇੰਜਣ ਵਾਲੇ ਜਹਾਜ਼ਾਂ ਨੂੰ ਊਰਜਾ ਦਿੰਦਾ ਹੈ। ਇਹ ਇੱਕ ਉੱਚ-ਓਕਟੇਨ ਏਅਰਕ੍ਰਾਫਟ ਈਂਧਨ ਹੈ ਜੋ ਬਿਹਤਰ ਪ੍ਰਦਰਸ਼ਨ ਅਤੇ ਗੁਣਵੱਤਾ ਮਾਨਕਾਂ ਦੇ ਨਾਲ ਉਤਪਾਦ ਦੀਆਂ ਵਿਸ਼ੇਸ਼ਤਾਵਾਂ ਨੂੰ ਪੂਰਾ ਕਰਦਾ ਹੈ ਅਤੇ ਆਯਾਤ ਕੀਤੇ ਗ੍ਰੇਡਾਂ ਨਾਲੋਂ ਸਸਤਾ ਪੈਂਦਾ ਹੈ।
ਕੰਪਨੀ ਦੇ ਬਿਆਨ 'ਚ ਆਈ.ਓ.ਸੀ ਦੇ ਚੇਅਰਮੈਨ ਐੱਸ.ਐੱਮ. ਵੈਦਿਆ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਸ ਹਵਾਬਾਜ਼ੀ ਗੈਸ ਦਾ ਨਾਂ ਏਵੀ ਗੈਸ 100 ਐੱਲ.ਐੱਲ ਹੈ ਅਤੇ ਦੇਸ਼ 'ਚ ਇਸ ਦਾ ਉਤਪਾਦਨ ਨਾ ਸਿਰਫ ਵਿਦੇਸ਼ੀ ਮੁਦਰਾ ਬਚਾਉਣ 'ਚ ਮਦਦ ਕਰੇਗਾ, ਸਗੋਂ ਇਹ ਉਭਰਦੇ ਪਾਇਲਟਾਂ ਲਈ ਘਰੇਲੂ ਉਡਾਣ ਸੰਸਥਾਨਾਂ 'ਚ ਸਿਖਲਾਈ ਨੂੰ ਵੀ ਕਿਫਾਇਤੀ ਬਣਾਵੇਗਾ।
ਉਨ੍ਹਾਂ ਕਿਹਾ ਕਿ ਦੱਖਣੀ ਅਮਰੀਕਾ, ਏਸ਼ੀਆ ਪ੍ਰਸ਼ਾਂਤ, ਪੱਛਮੀ ਏਸ਼ੀਆ, ਅਫਰੀਕਾ ਅਤੇ ਯੂਰਪ 'ਚ ਇਸ ਈਂਧਨ ਦੀ ਭਾਰੀ ਮੰਗ ਹੈ। ਵੈਦਿਆ ਨੇ ਕਿਹਾ ਕਿ ਇੰਡੀਅਨ ਆਇਲ ਦਾ ਉਦੇਸ਼ ਘਰੇਲੂ ਮੰਗ ਨੂੰ ਪੂਰਾ ਕਰਨ ਤੋਂ ਬਾਅਦ ਇਸ ਬਾਜ਼ਾਰ 'ਚ ਪਹੁੰਚ ਸਥਾਪਿਤ ਕਰਨਾ ਹੈ।