ਖ਼ੁਸ਼ਖ਼ਬਰੀ! USA, ਯੂ. ਕੇ. ਨੇ ਵਿਦਿਆਰਥੀਆਂ ਲਈ ਨਿਯਮਾਂ 'ਚ ਦਿੱਤੀ ਢਿੱਲ
Sunday, Jun 20, 2021 - 08:35 PM (IST)

ਨਵੀਂ ਦਿੱਲੀ- ਯੂ. ਐੱਸ. ਅੰਬੈਸੀ ਨੇ ਹਾਲ ਹੀ ਵਿਚ ਵਿਦਿਆਰਥੀਆਂ ਲਈ ਵੀਜ਼ਾ ਲਈ ਅਪੁਇੰਟਮੈਂਟਸ ਖੋਲ੍ਹ ਦਿੱਤੇ ਹਨ। ਇਕ ਸੀਨੀਅਰ ਅਮਰੀਕੀ ਡਿਪਲੋਮੈਟ ਨੇ ਇਹ ਵੀ ਕਿਹਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਦਾਖ਼ਲ ਹੋਣ ਲਈ ਕੋਵਿਡ ਟੀਕੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਉੱਥੇ ਹੀ, ਯੂ. ਕੇ. ਦੀਆਂ ਕਈ ਯੂਨੀਵਰਸਿਟੀਜ਼ ਨੇ ਘੋਸ਼ਣਾ ਕੀਤੀ ਹੈ ਕਿ ਉਹ ਵਿਦਿਆਰਥੀਆਂ ਲਈ 10 ਦਿਨਾਂ ਦੇ ਹੋਟਲ ਇਕਾਂਤਵਾਸ ਅਤੇ ਟੈਸਟਿੰਗ ਲਈ 1,750 ਪੌਂਡ ਤੱਕ ਦੇ ਖ਼ਰਚ ਦੀ ਭਰਪਾਈ ਕਰਨਗੀਆਂ।
ਯੂ. ਕੇ., ਅਮਰੀਕਾ ਵੱਲੋਂ ਵਿਦਿਆਰਥੀਆਂ ਲਈ ਨਿਯਮਾਂ ਵਿਚ ਢਿੱਲ ਦੇਣ ਨਾਲ ਨੇੜਲੇ ਭਵਿੱਖ ਵਿਚ ਕੌਮਾਂਤਰੀ ਉਡਾਣਾਂ ਦੇ ਹੌਲੀ-ਹੌਲੀ ਖੁੱਲ੍ਹਣ ਦੀ ਉਮੀਦ ਦੇ ਮੱਦੇਨਜ਼ਰ ਕੌਮਾਂਤਰੀ ਹਵਾਈ ਯਾਤਰਾ ਦੀ ਬੁਕਿੰਗ ਵੀ ਵਧਣੀ ਸ਼ੁਰੂ ਹੋ ਗਈ ਹੈ। ਟਰੈਵਲ ਪੋਰਟਲ ਕਲੀਅਰਟ੍ਰਿਪ ਦੇ ਉਪ ਮੁਖੀ ਰਾਜੀਵ ਸੁਬਰਾਮਨੀਅਮ ਨੇ ਕਿਹਾ, "ਪਿਛਲੇ ਤਿੰਨ ਹਫਤਿਆਂ ਵਿਚ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਲਈ ਇਕ ਤਰਫ਼ਾ ਬੁਕਿੰਗ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ, ਜੋ ਸੰਭਾਵਤ ਤੌਰ 'ਤੇ ਵਿਦਿਆਰਥੀਆਂ ਵੱਲੋਂ ਵਧੀ ਮੰਗ ਹੈ।''
ਹਾਲਾਂਕਿ, ਵਿਸ਼ਲੇਸ਼ਕਾਂ ਮੁਤਾਬਕ, ਉਡਾਣਾਂ ਪੂਰੀ ਤਰ੍ਹਾਂ ਬਹਾਲ ਹੋਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਇਸ ਵਿਚਕਾਰ ਇੰਡੀਗੋ ਅਤੇ ਵਿਸਤਾਰਾ ਨਵੀਂਆਂ ਕੌਮਾਂਤਰੀ ਉਡਾਣਾਂ ਸ਼ੁਰੂ ਕਰ ਸਕਦੇ ਹਨ। ਗੌਰਤਲਬ ਹੈ ਕਿ ਮੌਜੂਦਾ ਸਮੇਂ ਕੌਮਾਂਤਰੀ ਉਡਾਣਾਂ ਵਿਸ਼ੇਸ਼ ਦੋ-ਪੱਖੀ ਸਮਝੌਤੇ ਤਹਿਤ ਹੀ ਚੱਲ ਰਹੀਆਂ ਹਨ। ਇਸ ਸਮੇਂ ਭਾਰਤ ਦਾ ਯੂ. ਐੱਸ., ਯੂ. ਕੇ. ਅਤੇ ਕੈਨੇਡਾ ਸਣੇ 20 ਤੋਂ ਵੱਧ ਦੇਸ਼ਾਂ ਨਾਲ ਏਅਰ ਬਬਲ ਕਰਾਰ ਹੈ ਪਰ ਭਾਰਤ ਵਿਚ ਮਾਮਲੇ ਜ਼ਿਆਦਾ ਹੋਣ ਕਾਰਨ ਕੁਝ ਦੇਸ਼ਾਂ ਨੇ ਕਈ ਤਰ੍ਹਾਂ ਦੀ ਯਾਤਰਾ ਪਾਬੰਦੀ ਲਾਈ ਹੋਈ ਹੈ।