ਸਟਾਰਟ ਅੱਪ ਦੇ ਮਾਮਲੇ 'ਚ ਭਾਰਤ ਤੀਜੇ ਸਥਾਨ 'ਤੇ, 2019 'ਚ 1100 ਬਣੇ ਨਵੇਂ

11/06/2019 5:00:25 PM

ਬੈਂਗਲੁਰੂ —  ਭਾਰਤ ਅਨੁਕੂਲ ਸਟਾਰਟ ਅਪ ਮਾਹੌਲ ਦੇ ਮਾਮਲੇ 'ਚ ਤੀਜਾ ਸਭ ਤੋਂ ਵੱਡਾ ਦੇਸ਼ ਬਣਿਆ ਹੋਇਆ ਹੈ। ਦੇਸ਼ 'ਚ 2019 ਵਿਚ 1,100 ਸਟਾਰਟਅਪ ਜੁੜੇ ਅਤੇ ਇਸਦੇ ਨਾਲ ਤਕਨਾਲੋਜੀ ਸਟਾਰਟ ਅੱਪ ਦੀ ਕੁੱਲ ਗਿਣਤੀ ਪਿਛਲੇ ਪੰਜ ਸਾਲਾਂ 'ਚ ਵਧ ਕੇ 8,900 ਤੋਂ 9,300 ਹੋ ਗਈ ਹੈ। ਸੂਚਨਾ ਤਕਨਾਲੋਜੀ ਕੰਪਨੀਆਂ ਦੀ ਸੰਸਥਾ ਨੈਸਕਾਮ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਨਾਸਕਾਮ ਨੇ ਇਹ ਵੀ ਕਿਹਾ ਕਿ ਘਰੇਲੂ ਸਟਾਰਟਅੱਪ ਵਾਤਾਵਰਣ 2025 ਤੱਕ ਇਸ ਤੋਂ 10 ਗੁਣਾ ਵਧਣ ਲਈ ਤਿਆਰ ਹੈ। ਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ ਐਂਡ ਸਰਵਿਸਿਜ਼ ਕੰਪਨੀ (ਨੈਸਕਾਮ) ਦੇ ਪ੍ਰਧਾਨ ਦੇਬਜਾਨੀ ਘੋਸ਼ ਨੇ ਕਿਹਾ, 'ਅਸੀਂ ਸਾਲ 2014 ਤੋਂ 2025 ਦੌਰਾਨ ਭਾਰਤੀ ਸਟਾਰਟ ਅੱਪ 'ਚ 10 ਗੁਣਾ ਵਾਧਾ ਵੇਖਾਂਗੇ।' ਉਸਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਨਾਸਕਾਮ ਨੂੰ ਸਟਾਰਟਅੱਪ ਦਾ ਮੁੱਲ 2025 ਤੱਕ ਵਧ ਕੇ 350 ਤੋਂ 390 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਜਿਹੜੀ ਕਿ ਸਾਲ 2014 ਵਿਚ ਕਰੀਬ 10-20 ਅਰਬ ਡਾਲਰ ਦੇ ਆਸ ਪਾਸ ਸੀ।

ਘੋਸ਼ ਨੇ ਕਿਹਾ ਕਿ ਇਸ ਖੇਤਰ 'ਚ ਕੁੱਲ ਰੋਜ਼ਗਾਰ 2025 ਤੱਕ ਲੱਖਾਂ ਦੀ ਸੰਖਿਆ 'ਚ ਪਹੁੰਚ ਜਾਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸਿੱਧੇ ਤੌਰ 'ਤੇ 40 ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਉਮੀਦ ਹੈ। ਨੈਸਕਾਮ ਨੇ ਨੈਸਕਾਮ ਉਤਪਾਦ ਕਨਕਲੇਵ 2019 ਦੇ 16ਵੇਂ ਐਡੀਸ਼ਨ 'ਚ ਮੰਗਲਵਾਰ ਨੂੰ 'ਇੰਡੀਅਨ ਟੇਕ ਸਟਾਰਟ-ਅੱਪ ਇਕੋਸਿਸਟਮ' ਸਿਰਲੇਖ ਹੇਠ ਆਪਣੀ ਰਿਪੋਰਟ ਪੇਸ਼ ਕੀਤੀ। 

ਰਿਪੋਰਟ ਦਾ ਬਿਓਰਾ ਜਾਰੀ ਕਰਦੇ ਹੋਏ ਘੋਸ਼ ਨੇ ਕਿਹਾ ਜੇਕਰ ਅਸੀਂ ਸਾਰੇ ਮਾਪਦੰਡਾਂ ਨੂੰ ਦੇਖੀਏ, ਤਾਂ ਭਾਰਤੀ ਤਕਨਾਲੋਜੀ ਸਟਾਰਟਅੱਪ ਮਾਹੌਲ 'ਚ ਮਜ਼ਬੂਤੀ ਦਿਖਦੀ ਹੈ। ਨੈਸਕਾਮ ਦੇ ਅਧਿਕਾਰੀਆਂ ਅਨੁਸਾਰ ਤਕਨਾਲੋਜੀ ਸਟਾਰਟਅੱਪ ਦੇ ਮਾਮਲੇ 'ਚ ਬੈਂਗਲੁਰੂ ਪਹਿਲੇ ਸਥਾਨ 'ਤੇ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਦਿੱਲੀ ਦਾ। ਕੁੱਲ ਸਟਾਰਟਅੱਪ 'ਚੋਂ 12-15 ਫੀਸਦੀ ਉਭਰ ਰਹੇ ਸ਼ਹਿਰਾਂ 'ਚੋਂ ਆ ਰਹੇ ਹਨ ਜਿਹੜਾ ਕਿ ਖਾਸ ਹੈ। ਰਿਪੋਰਟ ਦੇ ਹਵਾਲੇ ਨਾਲ ਘੋਸ਼ ਨੇ ਕਿਹਾ ਕਿ ਤਕਨਾਲੋਜੀ ਸਟਾਰਟਅੱਪ ਦੀ ਸੰਖਿਆ ਪਿਛਲੇ ਸਾਲ 7,700 ਤੋਂ 8,200 ਸੀ। ਇਸ ਸਾਲ 1,100 ਨਵੇਂ ਸਟਾਰਟ ਅੱਪ ਆਏ।


Related News