20 ਸਾਲਾਂ ’ਚ ਵਿਕਸਿਤ ਦੇਸ਼ ਬਣ ਸਕਦਾ ਹੈ ਭਾਰਤ

Sunday, Dec 25, 2022 - 10:39 AM (IST)

ਹੈਦਰਾਬਾਦ–ਭਾਰਤ ਨੂੰ ਵਿਕਸਿਤ ਦੇਸ਼ ਦਾ ਦਰਜਾ ਹਾਸਲ ਕਰਨ ਲਈ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਲਗਾਤਾਰ 8-9 ਫੀਸਦੀ ਦਾ ਮਜ਼ਬੂਤ ਗ੍ਰੋਥ ਰੇਟ ਬਣਾਈ ਰੱਖਣਾ ਹੋਵੇਗਾ। ਇਹ ਕਹਿਣਾ ਹੈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਬਕਾ ਗਵਰਨਰ ਸੀ. ਰੰਗਰਾਜਨ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਟੀਚਾ ਰੱਖਿਆ ਹੈ। ਰੰਗਰਾਜਨ ਦਾ ਕਹਿਣਾ ਹੈ ਕਿ ਭਾਰਤ ਅਗਲੇ 20 ਸਾਲਾਂ ’ਚ ਇਹ ਮੁਕਾਮ ਹਾਸਲ ਕਰ ਸਕਦਾ ਹੈ ਪਰ ਇਸ ਲਈ ਫਾਰਮੂਲਾ ਇਹ ਹੈ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਉੱਚ ਵਿਕਾਸ ਦਰ ਬਣਾਈ ਰੱਖਣੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਤੋਂ ਬਾਅਦ ਵੀ ਭਾਰਤ ਲੋਅਰ ਮਿਡਲ ਇਨਕਮ ਵਾਲਾ ਦੇਸ਼ ਹੀ ਮੰਨਿਆ ਜਾਵੇਗਾ। ਇਸ ਦਾ ਕਾਰਨ ਇਹ ਹੈ ਕਿ ਉਸ ਸਥਿਤੀ ’ਚ ਵੀ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ 3,472 ਡਾਲਰ ਹੀ ਹੋਵੇਗੀ। ਰੰਗਰਾਜਨ ਅੱਜ ਇੱਥੇ ‘ਆਈ. ਸੀ. ਐੱਫ. ਏ. ਆਈ.) ਫਾਊਂਡੇਸ਼ਨ ਫਾਰ ਹਾਇਰ ਐਜੂਕੇਸ਼ਨ ਦੇ ਕਨਵੋਕੇਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਕਿੰਨੀ ਹੋਣੀ ਚਾਹੀਦੀ ਹੈ ਪ੍ਰਤੀ ਵਿਅਕਤੀ ਆਮਦਨ
ਉਨ੍ਹਾਂ ਨੇ ਕਿਹਾ ਕਿ ਇਕ ਵਿਕਸਿਤ ਦੇਸ਼ ਬਣਨ ਲਈ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ਘੱਟ ਤੋਂ ਘੱਟ 13,205 ਡਾਲਰ ਹੋਣੀ ਚਾਹੀਦੀ ਹੈ। ਉਸ ਮੁਕਾਮ ਤੱਕ ਪਹੁੰਚਣ ਲਈ ਦੇਸ਼ ਨੂੰ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ 8 ਤੋਂ ਲੈ ਕੇ 9 ਫੀਸਦੀ ਤੱਕ ਦੀ ਮਜ਼ਬੂਤ ਵਾਧਾ ਦਰ ਰੱਖਣੀ ਹੋਵੇਗੀ। ਰੰਗਰਾਜਨ ਨੇ ਕਿਹਾ ਕਿ ਕੁੱਲ ਉਤਪਾਦਨ ਦੇ ਹਿਸਾਬ ਨਾਲ ਦੇਖੀਏ ਤਾਂ ਭਾਰਤ ਇਸ ਸਮੇਂ ਦੁਨੀਆ ਦੀ 5ਵੀਂ ਵੱਡੀ ਅਰਥਵਿਵਸਥਾ ਹੈ ਜੋ ਆਪਣੇ-ਆਪ ’ਚ ਇਕ ਅਸਰਦਾਰ ਪ੍ਰਾਪਤੀ ਹੈ ਪਰ ਕੌਮਾਂਤਰੀ ਮੁਦਰਾ ਫੰਡ ਦੀ ਰੈਂਕਿੰਗ ਮੁਤਾਬਕ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ’ਚ ਭਾਰਤ 197 ਦੇਸ਼ਾਂ ’ਚੋਂ 142ਵੇਂ ਸਥਾਨ ’ਤੇ ਮੌਜੂਦ ਹੈ।
ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੇ ਸਾਬਕਾ ਮੁਖੀ ਰਹਿ ਚੁੱਕੇ ਰੰਗਰਾਜਨ ਨੇ ਕਿਹਾ ਕਿ ਇਹ ਬਹੁਤ ਸਪੱਸ਼ਟ ਹੈ ਕਿ ਸਾਨੂੰ ਇਕ ਲੰਮਾ ਸਫਰ ਤੈਅ ਕਰਨਾ ਹੈ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਸਾਨੂੰ ਤੇਜ਼ੀ ਨਾਲ ਦੌੜ ਲਗਾਉਣੀ ਹੋਵੇਗੀ।
ਭਾਰਤ ਲਈ ਸੰਭਵ ਹੈ ਇਹ ਟੀਚਾ
ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਨਾਲ ਜੁੜੀਆਂ ਚੁਣੌਤੀਆਂ ਅਤੇ ਰੂਸ-ਯੂਕ੍ਰੇਨ ਦੇ ਸੰਦਰਭ ’ਚ ਭਾਰਤ ਦੇ ਵਿਕਾਸ ਲਈ ਇਕ ਸਪੱਸ਼ਟ ਰੋਡਮੈਪ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸ਼ੁਰੂਆਤ ’ਚ ਸਾਨੂੰ ਵਾਧਾ ਦਰ ਨੂੰ 7 ਫੀਸਦੀ ’ਤੇ ਲੈ ਕੇ ਜਾਣਾ ਹੋਵੇਗਾ ਅਤੇ ਫਿਰ ਇਸ ਨੂੰ 8 ਤੋਂ 9 ਫੀਸਦੀ ਤੱਕ ਪਹੁੰਚਾਉਣਾ ਹੋਵੇਗਾ। ਅਜਿਹਾ ਹੋਣਾ ਸੰਭਵ ਹੈ ਅਤੇ ਭਾਰਤ ਪਹਿਲਾਂ ਇਹ ਦਿਖਾ ਚੁੱਕਾ ਹੈ ਕਿ ਲਗਾਤਾਰ 6-7 ਸਾਲਾਂ ਤੱਕ ਉਹ ਇਕ ਨਿਰੰਤਰ ਵਿਕਾਸ ਕਰ ਸਕਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ


Aarti dhillon

Content Editor

Related News