ਭਾਰਤ ਦਾ ਖੰਡ ਉਤਪਾਦਨ 20 ਫ਼ੀਸਦੀ ਵੱਧ ਕੇ 200 ਲੱਖ ਟਨ ਤੋਂ ਪਾਰ
Wednesday, Mar 03, 2021 - 03:06 PM (IST)
ਨਵੀਂ ਦਿੱਲੀ- ਖੰਡ ਸੀਜ਼ਨ 2020-21 ਦੇ ਪਹਿਲੇ ਪੰਜ ਮਹੀਨਿਆਂ ਵਿਚ ਦੇਸ਼ ਦੀਆਂ ਲਗਭਗ 502 ਖੰਡ ਮਿੱਲਾਂ ਨੇ ਮਿਲ ਕੇ 233.77 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ, ਜਦੋਂ ਕਿ ਪਿਛਲੇ ਸੈਸ਼ਨ ਵਿਚ ਫਰਵਰੀ, 2020 ਤੱਕ 453 ਮਿੱਲਾਂ ਵੱਲੋਂ 194.82 ਲੱਖ ਟਨ ਉਤਪਾਦਨ ਕੀਤਾ ਗਿਆ ਸੀ। ਭਾਰਤੀ ਖੰਡ ਮਿੱਲ ਸੰਗਠਨ (ਇਸਮਾ) ਨੇ ਬੁੱਧਵਾਰ ਇਸ ਦੀ ਜਾਣਕਾਰੀ ਦਿੱਤੀ।
ਇਸ ਤਰ੍ਹਾਂ ਚਾਲੂ ਸੀਜ਼ਨ 2020-21 (ਅਕਤੂਬਰ-ਸਤੰਬਰ) ਵਿਚ ਖੰਡ ਉਤਪਾਦਨ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ 38.95 ਲੱਖ ਟਨ ਜਾਂ 19.99 ਫ਼ੀਸਦੀ ਵਧਿਆ ਹੈ।
ਹੁਣ ਤੱਕ ਸਭ ਤੋਂ ਵੱਡੀ ਮਾਤਰਾ ਵਿਚ ਖੰਡ ਮਹਾਰਾਸ਼ਟਰ ਨੇ ਕੱਢੀ ਹੈ। ਮਹਾਰਾਸ਼ਟਰ ਵਿਚ ਖੰਡ ਮਿੱਲਾਂ ਨੇ 28 ਫਰਵਰੀ ਤੱਕ 84.85 ਲੱਖ ਟਨ ਬਣਾਈ ਹੈ, ਜਦੋਂ ਕਿ ਪਿਛਲੇ ਸਾਲ ਇਸੇ ਦੌਰਾਨ ਉਤਪਾਦਨ 50.70 ਲੱਖ ਟਨ ਰਿਹਾ ਸੀ। 28 ਫਰਵਰੀ 2021 ਤੱਕ ਮਹਾਰਾਸ਼ਟਰ ਵਿਚ 176 ਮਿੱਲਾਂ ਪਿੜਾਈ ਕਰ ਰਹੀਆਂ ਸਨ ,ਜਦੋਂ ਕਿ ਪਿਛਲੇ ਸਾਲ ਇਸ ਦੌਰਾਨ 120 ਮਿੱਲਾਂ ਚਾਲੂ ਸਨ।
ਯੂ. ਪੀ. ਨੇ ਹੁਣ ਤੱਕ 74.20 ਲੱਖ ਟਨ, ਕਰਨਾਟਕ ਨੇ 40.53 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ। ਹਾਲਾਂਕਿ, ਪਿਛਲੇ ਸਾਲ ਇਸ ਦੌਰਾਨ ਯੂ. ਪੀ. ਵਿਚ 76.86 ਲੱਖ ਟਨ ਅਤੇ ਕਰਨਾਟਕ ਵਿਚ 32.60 ਲੱਖ ਟਨ ਖੰਡ ਕੱਢੀ ਗਈ ਸੀ। ਗੁਜਰਾਤ ਨੇ 28 ਫਰਵਰੀ, 2021 ਤੱਕ 7.49 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ। ਆਂਧਰਾ ਪ੍ਰਦੇਸ਼, ਤੇਲੰਗਾਨਾ, ਬਿਹਾਰ, ਉਤਰਾਖੰਡ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਓਡੀਸ਼ਾ ਨੇ 28 ਫਰਵਰੀ, 2021 ਤੱਕ ਸਮੂਹਕ ਰੂਪ ਵਿਚ 23.54 ਲੱਖ ਟਨ ਖੰਡ ਦਾ ਉਤਪਾਦਨ ਕੀਤਾ ਹੈ।