ਮਹਿੰਗੇ ਡੀਜ਼ਲ ਨਾਲ ਵਧੀ ਬਿਜਲੀ ਦੀ ਮੰਗ

10/16/2018 9:58:30 PM

ਨਵੀਂ ਦਿੱਲੀ— ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੀ ਵਜ੍ਹਾ ਨਾਲ ਪਿਛਲੇ 2 ਮਹੀਨਿਆਂ 'ਚ ਬਿਜਲੀ ਦੀ ਮੰਗ ਵਧ ਗਈ ਹੈ । ਨਿੱਜੀ ਬਿਜਲੀ ਉਤਪਾਦਕ ਅਤੇ ਡੀਜ਼ਲ ਨਾਲ ਚੱਲਣ ਵਾਲੀਆਂ ਉਦਯੋਗਿਕ ਇਕਾਈਆਂ ਗਰਿਡ ਨਾਲ ਜੁੜੀ ਬਿਜਲੀ ਦੀ ਮੰਗ ਕਰ ਰਹੀਆਂ ਹਨ। ਇਸ ਦੀ ਵਜ੍ਹਾ ਨਾਲ ਇਸ ਮਹੀਨੇ 'ਚ ਬਿਜਲੀ ਦੀ ਮੰਗ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 12.5 ਫ਼ੀਸਦੀ ਵਧੀ ਹੈ । ਹਾਲ ਦੇ ਮਹੀਨੇ 'ਚ ਇਸ 'ਚ 7.6 ਫ਼ੀਸਦੀ ਦਾ ਵਾਧਾ ਹੋਇਆ ਹੈ । ਜੁਲਾਈ 'ਚ ਮੰਗ 6.6 ਫ਼ੀਸਦੀ ਵਧੀ ਸੀ । ਉਦਯੋਗ ਜਗਤ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੀ ਵਜ੍ਹਾ ਡੀਜ਼ਲ ਦੀਆਂ  ਕੀਮਤਾਂ 'ਚ ਵਾਧਾ ਹੈ ਕਿਉਂਕਿ ਜਿਆਦਾਤਰ ਖਪਤਕਾਰ ਬੀਤੇ ਮਹੀਨਿਆਂ 'ਚ ਡੀਜ਼ਲ ਦੇ ਮੁੱਲ ਵਧਣ ਕਾਰਨ ਬਿਜਲੀ ਦੀ ਵਰਤੋਂ ਵਧਾ ਚੁੱਕੇ ਹਨ । ਸਤੰਬਰ ਮਹੀਨੇ 'ਚ ਦੇਸ਼ ਦੇ ਕਈ ਇਲਾਕਿਆਂ 'ਚ ਡੀਜ਼ਲ ਦਾ ਭਾਅ 80 ਰੁਪਏ ਪ੍ਰਤੀ ਲਿਟਰ ਤੋਂ ਪਾਰ ਚਲਾ ਗਿਆ ਸੀ। ਕਰੀਬ 890 ਮੈਗਾਵਾਟ ਸਮਰੱਥਾ ਦੀਆਂ ਬਿਜਲੀ ਇਕਾਈਆਂ ਡੀਜ਼ਲ ਨਾਲ ਚੱਲਦੀਆਂ ਹਨ । ਇਨ੍ਹਾਂ ਦੇ ਨਾਲ ਹੀ ਉਦਯੋਗਕ ਇਕਾਈਆਂ ਨੇ ਬਿਜਲੀ ਦੀ ਮੰਗ ਵਧਾ ਦਿੱਤੀ ਹੈ। ਇਸ ਖੇਤਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬਿਜਲੀ ਦੀ ਮੰਗ ਵਧਣ ਨਾਲ ਹਾਜਰ ਬਾਜ਼ਾਰ 'ਚ ਬਿਜਲੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ । ਪਿਛਲੇ ਹਫ਼ਤੇ ਹਾਜਰ ਬਾਜ਼ਾਰ 'ਚ ਬਿਜਲੀ ਦੀ ਕੀਮਤ 18 ਰੁਪਏ ਪ੍ਰਤੀ ਯੂਨਿਟ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ । ਹਾਜਰ ਬਾਜ਼ਾਰ ਦੀ ਕੁਲ ਬਿਜਲੀ ਕਾਰੋਬਾਰ 'ਚ ਹਿੱਸੇਦਾਰੀ ਸਿਰਫ਼ 3 ਫ਼ੀਸਦੀ ਹੈ ਪਰ ਇਸ ਨਾਲ ਮੰਗ ਸਪਲਾਈ ਦੀ ਹਾਲਤ ਦਾ ਪਤਾ ਚੱਲਦਾ ਹੈ । ਇਸ ਸਮੇਂ ਕੋਲਾ ਸਪਲਾਈ ਘੱਟ ਹੋਣ ਦੀ ਵਜ੍ਹਾ ਨਾਲ ਵੱਡੀਆਂ ਇਕਾਈਆਂ 'ਚ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ । ਸਰਕਾਰ ਵੱਲੋਂ ਜਾਰੀ ਤਾਜਾ ਅੰਕੜਿਆਂ ਮੁਤਾਬਕ ਬਿਜਲੀ ਇਕਾਈਆਂ 'ਚ ਕੋਲੇ ਦਾ ਸਾਧਾਰਣ ਸਟਾਕ ਘਟ ਕੇ 10-12 ਦਿਨ ਲਈ ਰਹਿ ਗਿਆ ਹੈ। ਇਸ ਸਮੇਂ 10 ਇਕਾਈਆਂ ਅਜਿਹੀਆਂ ਹਨ, ਜਿਨ੍ਹਾਂ ਕੋਲ ਕੋਲੇ ਦਾ ਸਟਾਕ ਨਹੀਂ ਹੈ, 46 ਇਕਾਈਆਂ ਦੇ ਕੋਲ 1 ਦਿਨ ਦਾ ਸਟਾਕ ਹੈ ਜਦੋਂ ਕਿ 31 ਇਕਾਈਆਂ ਦੇ ਕੋਲ 7 ਤੋਂ 15 ਦਿਨ ਲਈ ਕੋਲਾ ਹੈ । ਕੇਂਦਰੀ ਬਿਜਲੀ ਅਥਾਰਿਟੀ ਦੇ ਅੰਕੜਿਆਂ ਮੁਤਾਬਕ ਬਿਜਲੀ ਇਕਾਈਆਂ ਦੇ ਕੋਲ ਕੋਲੇ ਦਾ ਔਸਤ ਸਟਾਕ 13 ਦਿਨ ਲਈ ਹੈ ।


Related News