ਇਨਕਮ ਟੈਕਸ ਰਿਟਰਨ ਨਾ ਭਰਨ ਵਾਲੇ IT ਡਿਪਾਰਟਮੈਂਟ ਦੀ ਰਡਾਰ ''ਤੇ, ਸ਼ੁਰੂ ਹੋਵੇਗਾ ਈ-ਅਭਿਆਨ

Sunday, Jul 19, 2020 - 11:00 AM (IST)

ਇਨਕਮ ਟੈਕਸ ਰਿਟਰਨ ਨਾ ਭਰਨ ਵਾਲੇ IT ਡਿਪਾਰਟਮੈਂਟ ਦੀ ਰਡਾਰ ''ਤੇ, ਸ਼ੁਰੂ ਹੋਵੇਗਾ ਈ-ਅਭਿਆਨ

ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਕੁੱਝ ਅਜਿਹੇ ਲੋਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੇ ਕਾਫ਼ੀ ਮੋਟਾ ਲੈਣ-ਦੇਣ ਕਰਣ ਦੇ ਬਾਵਜੂਦ ਮੁਲਾਂਕਣ ਸਾਲ 2019-20 (ਵਿੱਤੀ ਸਾਲ 2018-19 ਦੇ ਸੰਦਰਭ ਵਿਚ) ਲਈ ਰਿਟਰਨ (ITR) ਦਾਖ਼ਲ ਨਹੀਂ ਕੀਤਾ ਹੈ ਜਾਂ ਉਨ੍ਹਾਂ ਦੇ ਰਿਟਰਨ ਵਿਚ ਕਮੀਆਂ ਹਨ। ਸੀ.ਬੀ.ਡੀ.ਟੀ. (Central Board of Direct Taxes) ਨੇ ਇਕ ਬਿਆਨ ਵਿਚ ਕਿਹਾ ਕਿ ਮੁਲਾਂਕਣ ਸਾਲ 2019-20 ਲਈ ਇਨਕਮ ਟੈਕਸ ਰਿਟਰਨ ਦਾਖ਼ਲ ਕਰਣ ਅਤੇ ਸੋਧ ਕਰਣ ਦੀ ਅੰਤਿਮ ਤਾਰੀਖ਼ 31 ਜੁਲਾਈ 2020 ਹੈ। ਵਿਭਾਗ ਟੈਕਸਦਾਤਾਵਾਂ ਦੀ ਸਹੂਲਤ ਲਈ ਸਵੈ-ਇਛੁੱਕ ਇਕਰਾਰ ਨੂੰ ਲੈ ਕੇ 20 ਜੁਲਾਈ ਤੋਂ ਈ-ਅਭਿਆਨ (e - campign) ਸ਼ੁਰੂ ਕਰੇਗਾ।

ਸੀ.ਬੀ.ਡੀ.ਟੀ. ਨੇ ਕਿਹਾ ਕਿ ਡਾਟਾ ਵਿਸ਼ਲੇਸ਼ਣ ਨਾਲ ਕੁੱਝ ਅਜਿਹੇ ਟੈਕਸਦਾਤਾਵਾਂ ਦੇ ਬਾਰੇ ਵਿਚ ਪਤਾ ਲੱਗਾ ਹੈ, ਜਿਨ੍ਹਾਂ ਨੇ ਕਾਫ਼ੀ ਜ਼ਿਆਦਾ ਲੈਣਦੇਣ ਕੀਤਾ ਹੈ ਪਰ ਉਨ੍ਹਾਂ ਨੇ ਮੁਲਾਂਕਣ ਸਾਲ 2019-20 (ਵਿੱਤੀ ਸਾਲ 2018-19 ਦੇ ਸੰਦਰਭ ਵਿਚ) ਲਈ ਰਿਟਰਨ ਦਾਖ਼ਲ ਨਹੀਂ ਕੀਤੀ ਹੈ। ਰਿਟਰਨ ਦਾਖ਼ਲ ਨਾ ਕਰਣ ਵਾਲਿਆਂ ਦੇ ਇਲਾਵਾ ਰਿਟਰਨ ਫਾਈਲ ਕਰਣ ਵਾਲੇ ਕਈ ਅਜਿਹੇ ਲੋਕਾਂ ਦੀ ਪਛਾਣ ਹੋਈ ਹੈ,  ਜਿਨ੍ਹਾਂ ਦੇ ਜ਼ਿਆਦਾ ਧਨ ਰਾਸ਼ੀ ਵਾਲੇ ਲੈਣ-ਦੇਣ ਅਤੇ ਉਨ੍ਹਾਂ ਦੇ ਇਨਕਮ ਟੈਕਸ ਰਿਟਰਨ ਆਪਸ ਵਿਚ ਮੇਲ ਨਹੀਂ ਖਾਂਦੇ ਹਨ। ਵਿਭਾਗ ਨੇ ਦੱਸਿਆ ਕਿ 11 ਦਿਨਾਂ ਤੱਕ ਚਲਣ ਵਾਲਾ ਇਹ ਈ-ਅਭਿਆਨ 31 ਜੁਲਾਈ 2020 ਨੂੰ ਖ਼ਤਮ ਹੋਵੇਗਾ ਅਤੇ ਇਸ ਦੌਰਾਨ ਉਨ੍ਹਾਂ ਲੋਕਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਜਾਂ ਤਾਂ ਰਿਟਰਨ ਦਾਖ਼ਲ ਨਹੀਂ ਕੀਤਾ ਹੈ, ਜਾਂ ਉਨ੍ਹਾਂ ਦੇ ਰਿਟਰਨ ਵਿਚ ਅੰਤਰ ਹਨ।

ਬਿਆਨ ਮੁਤਾਬਕ ਈ-ਅਭਿਆਨ ਯੋਜਨਾ ਦੇ ਤਹਿਤ ਇਨਕਮ ਟੈਕਸ ਡਿਪਾਰਟਮੈਂਟ ਚਿੰਨ੍ਹਿਤ ਲੋਕਾਂ (ਪਛਾਣ ਕੀਤੇ ਲੋਕਾਂ) ਨੂੰ ਈ-ਮੇਲ ਜਾਂ ਐਸ.ਐਮ.ਐਸ. ਭੇਜੇਗਾ ਤਾਂਕਿ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੇ ਲੈਣ-ਦੇਣ ਦੀ ਤਸਦੀਕ ਕੀਤੀ ਜਾ ਸਕੇ। ਇਨਕਮ ਟੈਕਸ ਡਿਪਾਰਟਮੈਂਟ ਨੂੰ ਇਹ ਸੂਚਨਾ ਐਸ.ਟੀ.ਐਫ. (Financial transaction statement), ਟੀ.ਡੀ.ਐਸ. (Tax deducted at source), ਟੀ.ਸੀ.ਐਸ. (Tax collection at source) ਅਤੇ ਵਿਦੇਸ਼ ਤੋਂ ਧਨ ਪ੍ਰਾਪਤੀ (Form 15CC) ਵਰਗੇ ਦਸਤਾਵੇਜਾਂ ਤੋਂ ਮਿਲੀ ਹੈ।

ਸੀ.ਬੀ.ਡੀ.ਟੀ. ਨੇ ਕਿਹਾ ਕਿ ਈ-ਅਭਿਆਨ ਦਾ ਮਕਸਦ ਟੈਕਸਦਾਤਾਵਾਂ ਨੂੰ ਟੈਕਸ ਜਾਂ ਵਿੱਤੀ ਲੈਣ-ਦੇਣ ਸਬੰਧੀ ਜਾਣਕਾਰੀ ਨੂੰ ਆਨਲਾਈਨ ਤਸਦੀਕ ਕਰਣ ਵਿਚ ਮਦਦ ਕਰਣਾ ਅਤੇ ਸਵੈ-ਇਛੁੱਕ ਇਕਰਾਰ ਨੂੰ ਵਧਾਵਾ ਦੇਣਾ ਹੈ ।


author

cherry

Content Editor

Related News