ਦਾਤ ਦੀ ਨੋਕ ''ਤੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

Saturday, Nov 22, 2025 - 05:36 PM (IST)

ਦਾਤ ਦੀ ਨੋਕ ''ਤੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ (ਰਾਜ/ਅਨਿਲ): ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਲੁੱਟ ਤੇ ਚੋਰੀ ਦੀ ਵਾਰਦਾਤ ਕਰਨ ਵਾਲੇ ਦੋ ਮੁਲਜ਼ਮਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਏ. ਸੀ. ਪੀ. ਨਾਰਥ ਕਿੱਕਰ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਸਲੇਮ ਟਾਬਰੀ ਦੇ ਮੁਖੀ ਇੰਸਪੈਕਟਰ ਹਰਸ਼ਵੀਰ ਸੰਧੂ ਦੀ ਪੁਲਸ ਟੀਮ ਨੇ ਲੁੱਟ ਤੇ ਚੋਰੀ ਦੀ ਵਾਰਦਾਤ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਚੋਰੀ ਦੇ ਮੋਟਰਸਾਈਕਲ ਤੇ ਐਕਟਿਵਾ ਸਮੇਤ ਗ੍ਰਿਫ਼ਤਾਰ ਕੀਤਾ ਹੈ। 

ਉਨ੍ਹਾਂ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸੰਧੂ ਦੀ ਪੁਲਸ ਟੀਮ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਦੋ ਵਿਅਕਤੀ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਦਾਣਾ ਮੰਡੀ ਵੱਲ ਜਾ ਰਹੇ ਹਨ। ਇਸ ਮਗਰੋਂ ਥਾਣਾ ਮੁਖੀ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ 'ਤੇ ਥਾਣੇਦਾਰ ਪ੍ਰੇਮਚੰਦ ਦੀ ਪੁਲਸ ਟੀਮ ਨੂੰ ਨਾਕਾਬੰਦੀ ਕਰਨ ਲਈ ਭੇਜਿਆ। ਇਸੇ ਦੌਰਾਨ ਬਿਨਾ ਨੰਬਰੀ ਮੋਟਰਸਾਈਕਲ 'ਤੇ ਆ ਰਹੇ ਦੋ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਲੋਹੇ ਦਾ ਦਾਤ ਬਰਾਮਦ ਹੋਇਆ। ਇਸ ਮਗਰੋਂ ਪੁਲਸ ਨੇ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਟਿੱਬਾ ਰੋਡ ਵੱਲ ਜਾ ਰਹੇ ਸਨ। ਇਸ ਮਗਰੋਂ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਾਹੁਲ ਕੁਮਾਰ ਪੁੱਤਰ ਸੋਨੂੰ ਵਾਸੀ ਮੁਹੱਲਾ ਪ੍ਰੇਮ ਵਿਹਾਰ ਟਿੱਬਾ ਰੋਡ ਤੇ ਅੰਕੁਸ਼ ਪੁੱਤਰ ਸੋਹਨ ਲਾਲ ਵਾਸੀ ਮੁਹੱਲਾ ਪੀਰੂ ਬੰਦਾ ਸਲੇਮ ਟਾਬਰੀ ਵਜੋਂ ਕੀਤੀ ਗਈ ਹੈ। 

ਏ. ਸੀ. ਪੀ. ਕਿੱਕਰ ਸਿੰਘ ਭੁੱਲਰ ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਗਰੋਂ ਪੁਲਸ ਨੇ ਜਦੋਂ ਮੁਲਜ਼ਮਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਤਾਂ ਮੁਲਜ਼ਮਾਂ ਦੇ ਕਬਜ਼ੇ 'ਚੋਂ ਚੋਰੀ ਕੀਤੇ ਗਏ ਦੋ ਐਕਟਿਵਾ ਤੇ ਇਕ ਹੋਰ ਮੋਟਰਸਾਈਕਲ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ, ਜਿਸ ਵਿਚ ਮੁਲਜ਼ਮ ਅੰਕੁਸ਼ ਖ਼ਿਲਾਫ਼ ਪਹਿਲਾਂ ਤੋਂ ਡਵੀਜ਼ਨ ਨੰਬਰ ਤਿੰਨ ਵਿਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਅੱਜ ਦੋਹਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਮੁਲਜ਼ਮਾਂ ਤੋਂ ਅੱਗੇ ਦੀ  ਪੁੱਛਗਿੱਛ ਕੀਤੀ ਜਾ ਸਕੇ।


author

Anmol Tagra

Content Editor

Related News