ਚਿੱਪ ਦੀ ਸਪਲਾਈ ’ਚ ਸੁਧਾਰ, ਤਿਓਹਾਰੀ ਮੰਗ ਨਾਲ ਅਗਸਤ ’ਚ ਵਾਹਨ ਕੰਪਨੀਆਂ ਦੀ ਵਿਕਰੀ ਦੇ ਫੜੀ ਰਫਤਾਰ
Friday, Sep 02, 2022 - 10:14 AM (IST)
ਨਵੀਂ ਦਿੱਲੀ (ਭਾਸ਼ਾ) – ਸੈਮੀਕੰਡਕਟਰ ਦੀ ਸਪਲਾਈ ’ਚ ਸੁਧਾਰ ਅਤੇ ਤਿਓਹਾਰੀ ਸੀਜ਼ਨ ਕਾਰਨ ਮੰਗ ਵਧਣ ਨਾਲ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ ਅਤੇ ਕੀਆ ਵਰਗੀਆਂ ਪ੍ਰਮੁੱਖ ਵਾਹਨ ਕੰਪਨੀਆਂ ਦੀ ਵਿਕਰੀ ’ਚ ਅਗਸਤ ’ਚ ਜ਼ੋਰਦਾਰ ਉਛਾਲ ਆਇਆ ਹੈ। ਹੁੰਡਈ, ਟੋਯੋਟਾ ਅਤੇ ਸਕੋਡਾ ਵਰਗੀਆਂ ਹੋਰ ਵਾਹਨ ਕੰਪਨੀਆਂ ਦੀ ਥੋਕ ਵਿਕਰੀ ਵੀ ਅਗਸਤ ’ਚ ਚੰਗੀ ਰਹੀ ਹੈ।
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਕੁੱਲ ਵਿਕਰੀ ਪਿਛਲੇ ਮਹੀਨੇ 26.37 ਫੀਸਦੀ ਵਧ ਕੇ 1,65,173 ਇਕਾਈ ’ਤੇ ਪਹੁੰਚ ਗਈ। ਮਾਰੂਤੀ ਨੇ ਅਗਸਤ 2021 ’ਚ ਕੁੱਲ 1,30,699 ਵਾਹਨ ਵੇਚੇ ਸਨ। ਪਿਛਲੇ ਮਹੀਨੇ ਘਰੇਲੂ ਬਾਜ਼ਾਰ ’ਚ ਕੰਪਨੀ ਦੀ ਵਿਕਰੀ 30 ਫੀਸਦੀ ਵਧ ਕੇ 1,34,166 ਇਕਾਈ ਹੋ ਗਈ। ਐੱਮ. ਐੱਸ. ਆਈ. ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ (ਵਿਕਰੀ ਅਤੇ ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤਵ ਨੇ ਅਗਸਤ ਦੇ ਅੰਕੜਿਆਂ ’ਤੇ ਕਿਹਾ ਕਿ ਬੀਤੇ ਕਈ ਮਹੀਨਿਆਂ ਦੇ ਰਿਕਾਰਡ ਵਿਕਰੀ ਅੰਕੜਿਆਂ ਤੋਂ ਲਗਦਾ ਹੈ ਕਿ ਮੰਗ ਮਜ਼ਬੂਤ ਬਣੀ ਹੋਈ ਹੈ ਅਤੇ ਸਪਲਾਈ ’ਚ ਵੀ ਸੁਧਾਰ ਹੋ ਰਿਹਾ ਹੈ।
ਇਕ ਹੋਰ ਪ੍ਰਮੁੱਖ ਵਾਹਨ ਕੰਪਨੀ ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਦੀ ਕੁੱਲ ਵਿਕਰੀ ਪਿਛਲੇ ਮਹੀਨੇ ਪੰਜ ਫੀਸਦੀ ਧ ਕੇ 62,210 ਇਕਾਈ ਹੋ ਗਈ। ਉੱਥੇ ਹੀ ਟਾਟਾ ਮੋਟਰਜ਼ ਦੀ ਅਗਸਤ ਦੀ ਕੁੱਲ ਵਿਕਰੀ 36 ਫੀਸਦੀ ਵਧ ਕੇ 78,843 ਇਕਾਈ ਹੋ ਗਈ। ਕੰਪਨੀ ਨੇ ਅਗਸਤ 2021 ’ਚ 57,995 ਇਕਾਈਆਂ ਦੀ ਵਿਕਰੀ ਕੀਤੀ ਸੀ। ਇਸ ਤਰ੍ਹਾਂ ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਦੀ ਘਰੇਲੂ ਬਾਜ਼ਾਰ ’ਚ ਯਾਤਰੀ ਵਾਹਨਾਂ ਦੀ ਵਿਕਰੀ ਬੀਤੇ ਮਹੀਨੇ 87 ਫੀਸਦੀ ਵਧ ਕੇ 29,852 ਇਕਾਈ ’ਤੇ ਪਹੁੰਚ ਗਈ। ਐੱਮ. ਐਂਡ ਐੱਮ. ਦੇ ਮੋਟਰ ਵਾਹਨ ਵਿਭਾਗ ਦੇ ਮੁਖੀ ਵਿਜੇ ਨਾਕਰਾ ਨੇ ਕਿਹਾ ਕਿ ਕੰਪਨ ਦੇ ਪੋਰਟਫੋਲੀਓ ਵਿਚ ਮੰਗ ਮਜ਼ਬੂਤ ਬਣੀ ਹੋਈ ਹੈ।
ਇਸ ਤਰ੍ਹਾਂ ਕੀਆ ਇੰਡੀਆ ਦੀ ਥੋਕ ਵਿਕਰੀ ਪਿਛਲੇ ਮਹੀਨੇ 33 ਫੀਸਦੀ ਵਧ ਕੇ 22,322 ਇਕਾਈ ਹੋ ਗਈ। ਇਸ ਨੇ ਅਗਸਤ 2021 ’ਚ ਡੀਲਰਾਂ ਨੂੰ 16,759 ਇਕਾਈਆਂ ਦੀ ਸਪਲਾਈ ਕੀਤੀ ਸੀ। ਇਸ ਤੋਂ ਇਲਾਵਾ ਟੋਯੋਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਦੀ ਕੁੱਲ ਥੋਕ ਵਿਕਰੀ ਅਗਸਤ ’ਚ 17 ਫੀਸਦੀ ਦੇ ਵਾਧੇ ਨਾਲ 14,959 ਇਕਾਈਆਂ ’ਤੇ ਪਹੁੰਚ ਗਈ। ਉੱਥੇ ਹੀ ਸਕੋਡਾ ਆਟੋ ਇੰਡੀਆ ਦੀ ਥੋਕ ਵਿਕਰੀ ਅਗਸਤ ਮਹੀਨੇ ’ਚ 10 ਫੀਸਦੀ ਵਧ ਕੇ 4,222 ਇਕਾਈ ਹੋ ਗਈ।