BMW ਖਰੀਦਣੀ ਹੋ ਜਾਏਗੀ ਸਸਤੀ, ਸਰਕਾਰ ਦੇਣ ਜਾ ਰਹੀ ਹੈ ਇਹ ਸੌਗਾਤ

12/31/2019 11:36:54 AM

ਨਵੀਂ ਦਿੱਲੀ— ਨਵੇਂ ਸਾਲ ’ਚ ਯੂਰਪ ਤੋਂ ਭਾਰਤ ’ਚ ਕਾਰਾਂ ਦੀ ਦਰਾਮਦ ਸਸਤੀ ਹੋ ਸਕਦੀ ਹੈ। ਕੇਂਦਰ ਸਰਕਾਰ ਜਲਦ ਹੀ ਯੂਰਪ ’ਚ ਬਣਨ ਵਾਲੀਆਂ ਕਾਰਾਂ ਸਮੇਤ ਵਾਈਨ ਅਤੇ ਸ਼ਰਾਬ ’ਤੇ ਇੰਪੋਰਟ ਡਿਊਟੀ ਨੂੰ ਘਟਾ ਸਕਦੀ ਹੈ। ਯੂਰਪੀ ਯੂਨੀਅਨ ਵੱਲੋਂ ਲੰਮੇ ਸਮੇਂ ਤੋਂ ਪੈਂਡਿੰਗ ਪਏ ਸੁਤੰਤਰ ਵਪਾਰ ਸਮਝੌਤੇ ਨੂੰ ਸਰਕਾਰ ਦੀ ਹਰੀ ਝੰਡੀ ਮਿਲ ਸਕਦੀ ਹੈ।

ਇਨ੍ਹਾਂ ਦੋਵਾਂ ਉਤਪਾਦਾਂ ’ਤੇ ਯੂਰਪੀ ਯੂਨੀਅਨ ਅਤੇ ਭਾਰਤ ਸਰਕਾਰ ਵਿਚ ਕਈ ਸਾਲਾਂ ਤੋਂ ਵਿਰੋਧ ਚੱਲ ਰਿਹਾ ਸੀ। ਭਾਰਤ ਸਰਕਾਰ ਲੰਮੇ ਸਮੇਂ ਤੱਕ ਇੰਪੋਰਟ ਡਿਊਟੀ ਘੱਟ ਕਰਨ ’ਤੇ ਰਾਜ਼ੀ ਨਹੀਂ ਸੀ। ਹਾਲਾਂਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕੇਲ ਵਿਚ ਗੱਲਬਾਤ ਹੋਣ ਤੋਂ ਬਾਅਦ ਇਸ ਮਾਮਲੇ ’ਤੇ ਵਿਰੋਧ ਦੂਰ ਹੋਣ ਦੇ ਲੱਛਣ ਬਣਨ ਲੱਗੇ ਹਨ।

 

ਫਿਲਹਾਲ ਹੈ  200 ਫੀਸਦੀ ਡਿਊਟੀ
ਜਰਮਨੀ ਤੇ ਹੋਰ ਯੂਰਪੀ ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਕਾਰਾਂ ’ਤੇ ਫਿਲਹਾਲ 200 ਫੀਸਦੀ ਡਿਊਟੀ ਲੱਗਦੀ ਹੈ। ਇਸ ਹਿਸਾਬ ਨਾਲ ਇਕ ਆਡੀ ਕਾਰ ਜਿਸ ਦੀ ਕੀਮਤ 15 ਲੱਖ ਰੁਪਏ ਹੁੰਦੀ ਹੈ, ਉਹ ਭਾਰਤ ’ਚ 30 ਲੱਖ ਰੁਪਏ ਦੀ ਹੋ ਜਾਂਦੀ ਹੈ। ਇਸ ਤੋਂ ਇਲਾਵਾ 28 ਫੀਸਦੀ ਜੀ. ਐੱਸ. ਟੀ., ਸੈੱਸ ਅਤੇ ਰੋਡ ਟੈਕਸ ਮਿਲਾ ਕੇ ਇਸ ਦੀ ਕੀਮਤ 40-45 ਲੱਖ ਰੁਪਏ ਹੋ ਜਾਂਦੀ ਹੈ। ਇਹ ਸਾਰੀ ਕੀਮਤ ਕੰਪਨੀਆਂ ਗਾਹਕਾਂ ਤੋਂ ਵਸੂਲਦੀਆਂ ਹਨ। ਯੂਰਪ ਤੋਂ ਬੀ. ਐੱਮ. ਡਬਲਯੂ., ਫਾਕਸਵੈਗਨ, ਲੈਕਸਸ ਅਤੇ ਪਿਆਜਿਓ ਵਰਗੀਆਂ ਕਾਰਾਂ ਦੀ ਦਰਾਮਦ ਹੁੰਦੀ ਹੈ। ਅਮਰੀਕਾ ’ਚ ਜਿਥੇ ਆਡੀ ਕਿਊ8 ਦੇ ਬੇਸ ਮਾਡਲ ਦੀ ਕੀਮਤ 68,200 ਡਾਲਰ (48 ਲੱਖ 68 ਹਜ਼ਾਰ 780 ਰੁਪਏ) ਹੈ, ਉਥੇ ਹੀ ਭਾਰਤ ’ਚ ਇਸ ਦੀ ਸੰਭਾਵਿਤ ਕੀਮਤ 1.40 ਕਰੋਡ਼ ਰੁਪਏ ਹੋਵੇਗੀ। ਇਹ ਕਾਰ 15 ਜਨਵਰੀ ਨੂੰ ਲਾਂਚ ਹੋਵੇਗੀ, ਜੇਕਰ ਡਿਊਟੀ ਘਟਦੀ ਹੈ ਤਾਂ ਇਸ ਕਾਰ ਦੀ ਕੀਮਤ ਕਾਫੀ ਘੱਟ ਹੋ ਜਾਵੇਗੀ।

ਸ਼ਰਾਬ ਵੀ ਹੋਵੇਗੀ ਸਸਤੀ
ਇਸ ਦੇ ਨਾਲ ਹੀ ਯੂਰਪ ਤੋਂ ਦਰਾਮਦ ਹੋਣ ਵਾਲੀ ਵ੍ਹਿਸਕੀ, ਸਕਾਚ ਅਤੇ ਵਾਈਨ ਵੀ ਸਸਤੀ ਹੋ ਜਾਵੇਗੀ। ਸਰਕਾਰ ਦਾ ਮੰਨਣਾ ਹੈ ਕਿ ਡਿਊਟੀ ਘਟਾਉਣ ਨਾਲ ਕਾਰ ਅਤੇ ਵਾਈਨ ਦੀ ਮੰਗ ਵਧੇਗੀ, ਜਿਸ ਨਾਲ ਵਿਕਰੀ ਜ਼ਿਆਦਾ ਹੋਵੇਗੀ। ਇਸ ਨਾਲ ਸਰਕਾਰ ਦੀ ਕਮਾਈ ’ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪਵੇਗਾ।


Related News