ਦੇਸ਼ ''ਚ ਪਹਿਲੀ ਵਾਰ ਕੌਮਾਂਤਰੀ ਮੁਸਾਫ਼ਰਾਂ ਲਈ ਸ਼ੁਰੂ ਹੋਈ ਈ-ਬੋਰਡਿੰਗ ਸੁਵਿਧਾ
Tuesday, Oct 27, 2020 - 01:57 PM (IST)
ਹੈਦਰਾਬਾਦ— ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੇ ਕੌਮਾਂਤਰੀ ਮੁਸਾਫ਼ਰਾਂ ਲਈ ਈ-ਬੋਰਡਿੰਗ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਹੁਣ ਵਿਦੇਸ਼ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਪੇਪਰ ਬੋਰਡਿੰਗ ਪਾਸ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ, ਯਾਤਰੀ ਮਰਜ਼ੀ ਨਾਲ ਇਸ ਦੀ ਚੋਣ ਕਰ ਸਕਦੇ ਹਨ।
ਇਹ ਸੁਵਿਧਾ ਸ਼ੁਰੂ ਕਰਨ ਵਾਲਾ ਇਹ ਭਾਰਤ ਦਾ ਪਹਿਲਾ ਹਵਾਈ ਅੱਡਾ ਬਣ ਗਿਆ ਹੈ। ਹੈਦਰਾਬਾਦ ਹਾਵਾਈ ਅੱਡੇ ਨੂੰ ਚਲਾਉਣ ਵਾਲੀ ਕੰਪਨੀ ਜੀ. ਐੱਮ. ਆਰ. ਸਮੂਹ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਜੀ. ਐੱਮ. ਆਰ. ਦੇ ਕੰਟਰੋਲ ਵਾਲਾ ਇਹ ਹਵਾਈ ਅੱਡਾ ਪਹਿਲਾਂ ਤੋਂ ਹੀ ਘਰੇਲੂ ਮੁਸਾਫ਼ਰਾਂ ਨੂੰ ਈ-ਬੋਰਡਿੰਗ ਸੁਵਿਧਾ ਦੇ ਰਿਹਾ ਹੈ। ਹੁਣ ਇਹ ਸੁਵਿਧਾ ਕੌਮਾਂਤਰੀ ਮੁਸਾਫ਼ਰਾਂ ਨੂੰ ਵੀ ਮਿਲੇਗੀ। ਕੰਪਨੀ ਨੇ ਕਿਹਾ ਕਿ ਇਹ ਸੇਵਾ ਫਿਲਹਾਲ ਇੰਡੀਗੋ ਦੀਆਂ ਕੁਝ ਕੌਮਾਂਤਰੀ ਉਡਾਣਾਂ ਲਈ ਉਪਲਬਧ ਹੈ। ਜੀ. ਐੱਮ. ਆਰ. ਨੇ ਕਿਹਾ ਕਿ ਸਖ਼ਤ ਮਿਹਨਤ ਅਤੇ ਸਫਲ ਪ੍ਰੀਖਣ ਪਿੱਛੋਂ ਸਰਕਾਰ ਦੀ ਮਨਜ਼ੂਰੀ ਨਾਲ ਉਸ ਨੇ ਈ-ਬੋਰਡਿੰਗ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਇਸ ਸ਼ੁਰੂਆਤ 'ਚ ਇੰਡੀਗੋ ਸਾਂਝੇਦਾਰ ਕੰਪਨੀ ਹੈ। ਇਸੇ ਤਰ੍ਹਾਂ ਈ-ਬੋਰਡਿੰਗ ਸੁਵਿਧਾ ਦੇਣ ਦੇ ਮਾਮਲੇ 'ਚ ਇੰਡੀਗੋ ਵੀ ਪਹਿਲੀ ਭਾਰਤੀ ਹਵਾਬਾਜ਼ੀ ਕੰਪਨੀ ਬਣ ਗਈ ਹੈ। ਇੰਡੀਗੋ ਨੇ ਸ਼ਾਰਜਾਹ ਵਾਲੀ ਉਡਾਣ 'ਚ ਇਸ ਸੁਵਿਧਾ ਦਾ ਇਸਤੇਮਾਲ ਇਸ ਮਹੀਨੇ ਦੇ ਸ਼ੁਰੂ 'ਚ ਕੀਤਾ ਸੀ। ਹੋਰ ਏਅਰਲਾਈਨਾਂ ਵੀ ਇਸ 'ਚ ਸ਼ਾਮਲ ਹੋਣ ਦੀਆਂ ਪ੍ਰਕਿਰਿਆ 'ਚ ਹਨ। ਹੁਣ ਯਾਤਰੀ ਇਲੈਕਟ੍ਰਾਨਿਕ ਬੋਰਡਿੰਗ ਪਾਸ ਮੋਬਾਇਲ 'ਚ ਰੱਖ ਸਕਣਗੇ।