ਅਗਲੇ ਹਫਤੇ ਜੀ. ਐੱਸ. ਟੀ. ਪ੍ਰੀਸ਼ਦ ਦੇ ਸਕਦੀ ਹੈ ਇਹ ਵੱਡਾ ਤੋਹਫਾ

Wednesday, Nov 01, 2017 - 02:28 PM (IST)

ਨਵੀਂ ਦਿੱਲੀ— ਅਗਲੇ ਹਫਤੇ ਦੇਸ਼ ਵਾਸੀਆਂ ਨੂੰ ਜੀ. ਐੱਸ. ਟੀ. ਪ੍ਰੀਸ਼ਦ ਵੱਲੋਂ ਤੋਹਫਾ ਮਿਲ ਸਕਦਾ ਹੈ। ਜੀ. ਐੱਸ. ਟੀ. ਪ੍ਰੀਸ਼ਦ 28 ਫੀਸਦੀ ਦੇ ਦਾਇਰੇ ਅੰਦਰ ਆਉਣ ਵਾਲੀਆਂ ਉਨ੍ਹਾਂ ਚੀਜ਼ਾਂ 'ਤੇ ਟੈਕਸ ਘਟਾ ਸਕਦੀ ਹੈ, ਜੋ ਲਗਜ਼ਰੀ ਨਹੀਂ ਹਨ। ਉਦਯੋਗਿਕ ਨੀਤੀ ਅਤੇ ਪ੍ਰਮੋਸ਼ਨ ਵਿਭਾਗ ਵੱਲੋਂ ਇਨ੍ਹਾਂ ਚੀਜ਼ਾਂ 'ਤੇ ਟੈਕਸ ਘੱਟ ਕਰਨ ਦੀ ਮੰਗ ਕੀਤੀ ਗਈ ਹੈ। ਜੇਕਰ ਪ੍ਰੀਸ਼ਦ ਉਸ ਦੀ ਮੰਗ ਨੂੰ ਸਵੀਕਾਰ ਕਰ ਲੈਂਦੀ ਹੈ, ਤਾਂ ਕਈ ਚੀਜ਼ਾਂ ਦੀਆਂ ਕੀਮਤਾਂ 'ਚ ਗਿਰਾਵਟ ਆ ਜਾਵੇਗੀ। ਇਨ੍ਹਾਂ 'ਚੋਂ ਕਈ ਚੀਜ਼ਾਂ ਨੂੰ 18 ਫੀਸਦੀ ਦੇ ਦਾਇਰੇ 'ਚ ਲਿਆਂਦਾ ਜਾ ਸਕਦਾ ਹੈ।

ਜਾਣਕਾਰੀ ਮੁਤਾਬਕ, ਜੀ. ਐੱਸ. ਟੀ. ਤਹਿਤ ਸਭ ਤੋਂ ਉੱਚੀ 28 ਫੀਸਦੀ ਦਰ 'ਤੇ ਨਵੇਂ ਸਿਰੇ ਤੋਂ ਵਿਚਾਰ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਆਮ ਤੌਰ 'ਤੇ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ 'ਤੇ ਟੈਕਸ ਘਟਾਉਣ 'ਤੇ ਵੀ ਵਿਚਾਰ ਹੋ ਸਕਦਾ ਹੈ। ਸਰਕਾਰ ਅੰਦਰ ਕੁਝ ਅਹਿਮ ਲੋਕ ਇਸ ਦਿਸ਼ਾ 'ਚ ਕਦਮ ਚੁੱਕੇ ਜਾਣ ਦਾ ਸਮਰਥਨ ਕਰ ਰਹੇ ਹਨ। ਜੇਕਰ ਅਜਿਹਾ ਕੀਤਾ ਗਿਆ ਤਾਂ ਕਈ ਚੀਜ਼ਾਂ ਦੇ ਮੁੱਲ ਘਟਣਗੇ, ਜੋ ਅਜੇ ਜ਼ਿਆਦਾ ਜੀ. ਐੱਸ. ਟੀ. ਕਾਰਨ ਵਧੇ ਹਨ। ਇਸ ਨਾਲ ਕੰਪਨੀਆਂ ਨੂੰ ਵੀ ਫਾਇਦਾ ਹੋਵੇਗਾ ਕਿ ਕਿਉਂਕਿ ਟੈਕਸ ਘਟਣ ਨਾਲ ਚੀਜ਼ਾਂ ਦੀ ਮੰਗ ਵਧੇਗੀ ਅਤੇ ਕੰਪਨੀਆਂ ਦੀ ਸੇਲ।

ਉਦਯੋਗਿਕ ਨੀਤੀ ਅਤੇ ਪ੍ਰਮੋਸ਼ਨ ਵਿਭਾਗ (ਡੀ. ਆਈ. ਪੀ. ਪੀ.) ਨੇ ਖਾਸ ਤੌਰ 'ਤੇ ਛੋਟੇ ਉਦਯੋਗਾਂ 'ਚ ਜਾਨ ਪਾਉਣ ਲਈ ਅਜਿਹੇ ਬਦਲਾਅ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ ਰੁਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 28 ਫੀਸਦੀ ਦਰ 'ਤੇ ਨਵੇਂ ਸਿਰੇ ਤੋਂ ਗੌਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਰ 'ਚ ਆਉਣ ਵਾਲੀਆਂ ਕਈ ਚੀਜ਼ਾਂ ਨੂੰ ਛੋਟੇ ਅਤੇ ਦਰਮਿਆਨੇ ਉਦਯੋਗ ਬਣਾਉਂਦੇ ਹਨ। 28 ਫੀਸਦੀ ਦੇ ਦਾਇਰੇ 'ਚ ਪਲਾਸਟਿਕ ਫਰਨੀਚਰ, ਡ੍ਰਿੰਕਸ, ਘੜੀਆਂ, ਆਟੋ ਪਾਰਟਸ, ਪਲਾਈਵੁੱਡ, ਇਲੈਕਟ੍ਰਿਕ ਫਿਟਿੰਗਸ, ਸੀਮੈਂਟ, ਛੱਤ ਵਾਲੇ ਪੱਖੇ ਦੇ ਇਲਾਵਾ ਆਟੋਮੋਬਾਇਲ ਅਤੇ ਤੰਬਾਕੂ ਉਤਪਾਦ ਰੱਖੇ ਗਏ ਹਨ। ਉੱਥੇ ਹੀ, ਵਪਾਰ ਅਤੇ ਉਦੋਯਗ ਜਗਤ ਨਾਲ ਜੁੜੀਆਂ ਸੰਸਥਾਵਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਕੁਝ ਵਸਤੂਆਂ ਨੂੰ ਉੱਚ ਟੈਕਸ ਰੇਟ ਤੋਂ ਹਟਾਇਆ ਜਾਵੇ ਕਿਉਂਕਿ ਇਹ ਰੇਟ ਲਗਜ਼ਰੀ ਅਤੇ ਤੰਬਾਕੂ ਉਤਪਾਦਾਂ ਆਦਿ ਲਈ ਸੀ।


Related News