ਜਲੰਧਰ ਦੇ ਗੈਂਗਸਟਰ ਪੁਨੀਤ ਤੇ ਲੱਲੀ ਬਾਰੇ ਹੋਇਆ ਵੱਡਾ ਖ਼ੁਲਾਸਾ
Thursday, Sep 12, 2024 - 07:01 PM (IST)
ਜਲੰਧਰ (ਵਰੁਣ)–ਜਲੰਧਰ ਪੁਲਸ ਨੂੰ 2021 ਤੋਂ ਵਾਂਟੇਡ ਗੈਂਗਸਟਰਾਂ ਪੁਨੀਤ ਸ਼ਰਮਾ ਅਤੇ ਲੱਲੀ ਨੇ ਹੀ ਜੈਪੁਰ-ਦਿੱਲੀ ਹਾਈਵੇਅ ’ਤੇ ਸਥਿਤ ਨੀਮਰਾਨਾ ਇਲਾਕੇ ਦੇ ਇਕ ਨਾਮੀ ਹੋਟਲ ਵਿਚ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਸਨ। ਇਸ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਦੋਵੇਂ ਗੈਂਗਸਟਰ ਹੋਟਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ। ਪੁਨੀਤ ਅਤੇ ਲੱਲੀ ਆਪਣੀ ਪੁਰਾਣੀ ਲੁੱਕ ਵਿਚ ਹੀ ਸਨ, ਜਿਨ੍ਹਾਂ ਨੇ ਆਪਣੇ ਮੂੰਹ ਵੀ ਨਹੀਂ ਢਕੇ ਸਨ।
ਜਿਵੇਂ ਹੀ ਜਲੰਧਰ ਪੁਲਸ ਨੂੰ ਇਸ ਬਾਰੇ ਇਨਪੁੱਟ ਮਿਲੇ ਤਾਂ ਕਮਿਸ਼ਨਰੇਟ ਪੁਲਸ ਨੇ ਵੀ ਪੁਨੀਤ ਅਤੇ ਲੱਲੀ ਲਈ ਜਾਲ ਵਿਛਾ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਇਕ ਟੀਮ ਇਸ ਸਾਰੇ ਮਾਮਲੇ ’ਤੇ ਧਿਆਨ ਰੱਖ ਰਹੀ ਹੈ ਅਤੇ ਦੋਵਾਂ ਨੂੰ ਲੈ ਕੇ ਇਨਪੁੱਟ ਜੁਟਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਨੀਤ ਅਤੇ ਲੱਲੀ ਨੇ ਗੁਰੂਗ੍ਰਾਮ ਦੇ ਨਾਮੀ ਗੈਂਗਸਟਰ ਕੌਸ਼ਲ ਚੌਧਰੀ ਲਈ ਹੋਟਲ ਵਿਚ 20 ਤੋਂ 25 ਗੋਲ਼ੀਆਂ ਚਲਾਈਆਂ। ਅੰਨ੍ਹੇਵਾਹ ਫਾਇਰਿੰਗ ਕਰਨ ਤੋਂ ਪਹਿਲਾਂ ਲੱਲੀ ਨੇ ਰਿਸੈਪਸ਼ਨ ’ਤੇ ਬੈਠੇ ਹੋਟਲ ਮੁਲਾਜ਼ਮ ਵੱਲ ਇਕ ਪਰਚੀ ਵੀ ਸੁੱਟੀ, ਜਿਸ ’ਤੇ 5 ਕਰੋੜ ਦੀ ਫਿਰੌਤੀ ਦੇਣ ਦੀ ਗੱਲ ਕਹੀ ਸੀ ਅਤੇ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ- ਸਾਵਧਾਨ ! ਪੰਜਾਬ 'ਚ ਲਗਾਤਾਰ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ, ਇੰਝ ਕਰੋ ਬਚਾਅ
ਪਰਚੀ ਸੁੱਟਦੇ ਹੀ ਲੱਲੀ ਆਪਣੇ ਪਿਸਟਲ ਨਾਲ ਫਾਇਰਿੰਗ ਕਰ ਰਿਹਾ, ਜਦਕਿ ਪੁਨੀਤ 9 ਐੱਮ. ਐੱਮ. ਕਾਰਬਾਈਨ ਮਸ਼ੀਨ ਵਰਗੇ ਹਥਿਆਰ ਨੂੰ ਫੜੇ ਹੋਏ ਵਿਖਾਈ ਦੇ ਰਿਹਾ ਹੈ। ਦੋਵੇਂ ਗੈਂਗਸਟਰ ਬਾਈਕ ’ਤੇ ਆਏ ਸਨ। ਜਿਵੇਂ ਹੀ ਹੋਟਲ ਮੁਲਾਜ਼ਮਾਂ ਨੇ ਫਾਇਰਿੰਗ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਦਿੱਲੀ ਪੁਲਸ ਸਪੈਸ਼ਲ ਸੈੱਲ ਦੀਆਂ ਟੀਮਾਂ ਨਾਲ ਮੌਕੇ ’ਤੇ ਪਹੁੰਚ ਗਈ। ਇਸ ਬਾਰੇ ਸੂਚਨਾ ਮਿਲਦੇ ਹੀ ਹਰਿਆਣਾ ਅਤੇ ਪੰਜਾਬ ਪੁਲਸ ਨੇ ਵੀ ਆਪਣੇ-ਆਪਣੇ ਲੈਵਲ ’ਤੇ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ।
ਪੁਲਸ ਵਿਭਾਗ ਦੇ ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਜਲੰਧਰ ਕਮਿਸ਼ਨਰੇਟ ਪੁਲਸ ਦੀ ਇਕ ਟੀਮ ਮੌਕੇ ’ਤੇ ਪਹੁੰਚ ਗਈ ਸੀ ਪਰ ਜੁਆਇੰਟ ਸੀ. ਪੀ. ਸੰਦੀਪ ਸ਼ਰਮਾ ਨੇ ਇਸ ਗੱਲ ਨੂੰ ਲੈ ਕੇ ਪੁਸ਼ਟੀ ਨਹੀਂ ਕੀਤੀ। ਦੱਸ ਦੇਈਏ ਕਿ ਪੁਨੀਤ ਅਤੇ ਲੱਲੀ ਨੂੰ ਫੜਨ ਲਈ ਐੱਨ. ਏ. ਆਈ., ਦਿੱਲੀ ਪੁਲਸ, ਹਰਿਆਣਾ ਪੁਲਸ, ਯੂ. ਪੀ. ਪੁਲਸ, ਪੰਜਾਬ ਪੁਲਸ ਅਤੇ ਰਾਜਸਥਾਨ ਪੁਲਸ ਉਨ੍ਹਾਂ ਦੇ ਪਿੱਛੇ ਲੱਗੀ ਹੋਈ ਹੈ।
ਕੌਸ਼ਲ ਚੌਧਰੀ ਨੇ ਸ਼ੁਰੂ ਕੀਤੀ ਲਾਰੈਂਸ ਬਿਸ਼ਨੋਈ ਨਾਲ ਗਲਬੇ ਦੀ ਲੜਾਈ
ਦਵਿੰਦਰ ਬੰਬੀਆ ਦੀ ਮੌਤ ਤੋਂ ਬਾਅਦ ਬੰਬੀਆ ਗਰੁੱਪ ਦਾ ਪੱਲਾ ਫੜ ਕੇ ਗੈਂਗ ਚਲਾਉਣ ਵਾਲੇ ਗੁਰੂਗ੍ਰਾਮ ਦੇ ਕੌਸ਼ਲ ਚੌਧਰੀ ਨੇ ਲਾਰੈਂਸ ਬਿਸ਼ਨੋਈ ਨਾਲ ਗਲਬੇ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ। ਇਕ ਵਾਰ ਤਾਂ ਬੰਬੀਆ ਗਰੁੱਪ ਨੇ ਬਿਸ਼ਨੋਈ ਗੈਂਗ ਤੋਂ ਹੀ 5 ਕਰੋੜ ਦੀ ਫਿਰੌਤੀ ਮੰਗ ਲਈ ਸੀ, ਜਿਸ ਤੋਂ ਬਾਅਦ ਪੁਲਸ ਨੇ ਇਕ ਔਰਤ ਅਤੇ ਫਿਰੌਤੀ ਮੰਗਣ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦਰਅਸਲ ਦਿੱਲੀ, ਜੈਪੁਰ, ਹਰਿਆਣਾ, ਪੰਜਾਬ ਵਿਚ ਜ਼ਿਆਦਾਤਰ ਲਾਰੈਂਸ ਬਿਸ਼ਨੋਈ ਦਾ ਦਬਦਬਾ ਰਿਹਾ ਹੈ ਪਰ ਕਿਸੇ ਸਮੇਂ ਦੋਸਤ ਕੌਸ਼ਲ ਚੌਧਰੀ ਅਤੇ ਲਾਰੈਂਸ ਬਿਸ਼ਨੋਈ ਦਾ ਹੁਣ ਛੱਤੀ ਦਾ ਅੰਕੜਾ ਹੈ।
ਇਹ ਵੀ ਪੜ੍ਹੋ-PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼
ਟਿੰਕੂ ਮਰਡਰ ਕੇਸ ਤੋਂ ਪਹਿਲਾਂ ਹੀ ਕੌਸ਼ਲ ਚੌਧਰੀ ਦੇ ਕਰੀਬ ਆ ਗਿਆ ਸੀ ਪੁਨੀਤ
ਅਮਨ ਨਗਰ ਦੇ ਰਹਿਣ ਵਾਲੇ ਪੁਨੀਤ ਸ਼ਰਮਾ ਨੇ ਟਿੰਕੂ ਦੇ ਕਤਲ ਤੋਂ ਪਹਿਲਾਂ ਹੀ ਕੌਸ਼ਲ ਚੌਧਰੀ ਨਾਲ ਨਜ਼ਦੀਕੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਨੇ ਕੌਸ਼ਲ ਲਈ ਕੁਝ ਅਜਿਹੇ ਕੰਮ ਕੀਤੇ, ਜੋ ਜਗ-ਜ਼ਾਹਰ ਨਹੀਂ ਹੋ ਸਕੇ। ਪੁਨੀਤ ਅਤੇ ਲੱਲੀ ਨੇ ਮਾਰਚ 2021 ਨੂੰ ਟਿੰਕੂ ਦੇ ਕਤਲ ਤੋਂ ਬਾਅਦ 20 ਜੂਨ 2021 ਨੂੰ ਡਿਪਟੀ ਸੁਖਮੀਤ ਸਿੰਘ ਦੀ ਗੋਪਾਲ ਨਗਰ ਵਿਚ ਕਤਲ ਕਰ ਦਿੱਤਾ ਸੀ ਅਤੇ ਬਾਅਦ ਵਿਚ 2022 ਵਿਚ ਨਕੋਦਰ ਦੇ ਪਿੰਡ ਮੱਲ੍ਹੀਆਂ ਵਿਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕੀਤਾ ਸੀ।
2021 ਤੋਂ ਬਾਅਦ ਪੁਲਸ ਨੇ ਇਨ੍ਹਾਂ ਲਈ ਟ੍ਰੈਪ ਲਗਾਏ ਪਰ ਪੁਨੀਤ ਅਤੇ ਲੱਲੀ ਅਕਸਰ ਪੁਲਸ ਤੋਂ ਪਹਿਲਾਂ ਹੀ ਭੱਜਣ ਵਿਚ ਕਾਮਯਾਬ ਹੋ ਜਾਂਦੇ ਸਨ। ਕੌਸ਼ਲ ਚੌਧਰੀ ਨੇ ਦਸੰਬਰ 2023 ਵਿਚ ਜਲੰਧਰ ਦੇ ਡੈਲਟਾ ਚੈਂਬਰ ਦੀ ਪਾਰਕਿੰਗ ਵਿਚ ਖੜ੍ਹੀ ਏਜੰਟ ਦੀ ਗੱਡੀ ’ਤੇ ਵੀ ਗੋਲੀਆਂ ਚਲਵਾ ਕੇ ਫਿਰੌਤੀ ਦਾ ਲੈਟਰ ਉਥੇ ਸੁੱਟਿਆ ਸੀ।
ਇਹ ਵੀ ਪੜ੍ਹੋ-ਚਾਈਂ-ਚਾਈਂ ਆਸਟ੍ਰੇਲੀਆ ਗਏ ਸੀ ਪਤੀ-ਪਤਨੀ, ਹਾਲਾਤ ਵੇਖ ਹੁਣ ਮੁੜ ਘਰ ਵਾਪਸੀ ਦੀ ਕੀਤੀ ਤਿਆਰੀ
ਕਈ ਵਾਰ ਕੌਸ਼ਲ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੇ ਬਾਅਦ ਵੀ ਪੁਨੀਤ ਦਾ ਟਿਕਾਣਾ ਨਹੀਂ ਦੱਸਿਆ
ਕੌਸ਼ਲ ਚੌਧਰੀ ਨੂੰ ਟਿੰਕੂ, ਡਿਪਟੀ ਅਤੇ ਹੋਰਨਾਂ ਦੇ ਕਤਲ ਮਾਮਲੇ ਵਿਚ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ ਵਿਚ ਕਈ ਵਾਰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਪਰ ਉਸ ਤੋਂ ਪੁਨੀਤ ਅਤੇ ਲੱਲੀ ਦੇ ਟਿਕਾਣਿਆਂ ਦਾ ਪਤਾ ਨਹੀਂ ਲੱਗ ਸਕਿਆ। ਕੌਸ਼ਲ ਅਕਸਰ ਇਹੀ ਕਹਿੰਦਾ ਰਿਹਾ ਕਿ ਪੁਨੀਤ ਉਸਦੇ ਲਿੰਕ ਵਿਚ ਨਹੀਂ ਹੈ ਪਰ ਹੁਣ ਕਲੀਅਰ ਹੋ ਗਿਆ ਕਿ ਕਈ ਸਾਲਾਂ ਤੋਂ ਕੌਸ਼ਲ ਚੌਧਰੀ ਪੁਲਸ ਨੂੰ ਚਕਮਾ ਦਿੰਦਾ ਰਿਹਾ। ਕਲੀਅਰ ਹੈ ਕਿ ਹਾਲੇ ਵੀ ਪੁਨੀਤ ਅਤੇ ਲੱਲੀ ਕੌਸ਼ਲ ਚੌਧਰੀ ਦੇ ਸੰਪਰਕ ਵਿਚ ਹਨ। ਇਹ ਵੀ ਦੱਸ ਦੇਈਏ ਕਿ ਕੌਸ਼ਲ ਚੌਧਰੀ ਨੇ ਅਕਤੂਬਰ 2023 ਵਿਚ ਗੁਰੂਗ੍ਰਾਮ ਵਿਚ ਪੁਲਸ ਕਸਟਡੀ ਦੌਰਾਨ ਦਾੜ੍ਹੀ ਕੱਟਣ ਲਈ ਆਏ ਨਾਈ ਤੋਂ ਉਸਦਾ ਟ੍ਰਿਮਰ ਖੋਹ ਕੇ ਗਲੇ ਦੀ ਨਸ ਕੱਟ ਕੇ ਖੁਦਕੁਸ਼ੀ ਦਾ ਯਤਨ ਕੀਤਾ ਸੀ ਪਰ ਉਸ ਦੇ ਕੋਲ ਖੜ੍ਹੀ ਪੁਲਸ ਟੀਮ ਨੇ ਮਸ਼ੀਨ ਨੂੰ ਸਮੇਂ ਸਿਰ ਫੜ ਲਿਆ, ਜਿਸ ਕਾਰਨ ਕੌਸ਼ਲ ਚੌਧਰੀ ਸੁਸਾਈਡ ਕਰਨ ਵਿਚ ਕਾਮਯਾਬ ਨਹੀਂ ਹੋਇਆ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਰਹੇਗੀ ਪਾਬੰਦੀ, ਹੁਕਮ ਹੋਏ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ