ਪਿਅਜ਼ ਨੇ ਘੁੰਮਾਈ ਸਰਕਾਰ, ਹੁਣ 1 ਲੱਖ ਟਨ ਦਾ ਬਣਾਏਗੀ ਬਫਰ ਸਟਾਕ
Monday, Dec 30, 2019 - 03:28 PM (IST)
ਨਵੀਂ ਦਿੱਲੀ— ਇਸ ਸਾਲ ਸਪਲਾਈ 'ਚ ਸੰਕਟ ਕਰਨ ਪਿਆਜ਼ ਕੀਮਤਾਂ 'ਚ ਭਾਰੀ ਉਛਾਲ ਤੋਂ ਸਬਕ ਲੈਂਦੇ ਹੋਏ ਨਰਿੰਦਰ ਮੋਦੀ ਸਰਕਾਰ ਨੇ 2020 'ਚ 1 ਲੱਖ ਟਨ ਪਿਆਜ਼ ਦਾ ਬਫਰ ਸਟਾਕ ਬਣਾਉਣ ਦੀ ਯੋਜਨਾ ਬਣਾਈ ਹੈ। ਸਰਕਾਰ ਨੇ ਮੌਜੂਦਾ ਸਾਲ ਲਈ 56,000 ਟਨ ਦਾ ਬਫਰ ਸਟਾਕ ਬਣਾਇਆ ਸੀ ਪਰ ਇਹ ਕੀਮਤਾਂ ਨੂੰ ਕੰਟਰੋਲ ਕਰਨ 'ਚ ਨਾਕਾਫੀ ਰਿਹਾ ਤੇ ਕਈ ਰਾਜਾਂ 'ਚ ਇਸ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਉਪਰ ਨਿਕਲ ਗਈ। ਇਸ ਦੇ ਨਤੀਜੇ ਵਜੋਂ ਸਰਕਾਰ ਨੂੰ MMTC ਜ਼ਰੀਏ ਦਰਾਮਦ ਕਰਨੀ ਪਈ।
ਇਕ ਅਧਿਕਾਰੀ ਨੇ ਕਿਹਾ, ''ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਾਲੇ ਮੰਤਰੀ ਸਮੂਹ (ਜੀ. ਓ. ਐੱਮ.) ਦੀ ਤਾਜ਼ਾ ਮੀਟਿੰਗ 'ਚ ਇਸ ਮੁੱਦੇ 'ਤੇ ਵਿਸਥਾਰ ਨਾਲ ਗੱਲਬਾਤ ਹੋਈ ਹੈ। ਇਹ ਫੈਸਲਾ ਲਿਆ ਗਿਆ ਹੈ ਕਿ ਸਾਲ 2020 'ਚ ਤਕਰੀਬਨ 1 ਲੱਖ ਟਨ ਦਾ ਵਾਧੂ ਬਫਰ ਸਟਾਕ ਬਣਾਇਆ ਜਾਵੇਗਾ।''
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੈਫੇਡ ਬਫਰ ਸਟਾਕ ਕਰਦੀ ਹੈ ਅਤੇ ਇਹ ਮਾਰਚ ਤੇ ਜੁਲਾਈ ਦੌਰਾਨ ਸਿੱਧੇ ਕਿਸਾਨਾਂ ਕੋਲੋਂ ਪਿਆਜ਼ ਲਵੇਗੀ ਜਿਨ੍ਹਾਂ ਦੀ ਗੁਣਵੱਤਾ ਬਿਹਤਰ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਸਾਲ ਪਿਆਜ਼ ਕੀਮਤਾਂ 'ਤੇ ਕੰਟਰੋਲ ਪਾਉਣ ਲਈ ਬਰਾਮਦ 'ਤੇ ਰੋਕ, ਟਰੇਡਰਾਂ ਕੋਲੋਂ ਸਟਾਕ ਰੱਖਣ ਦੀ ਲਿਮਟ ਸਮੇਤ ਸਰਕਾਰ ਨੇ ਕਈ ਕਦਮ ਚੁੱਕੇ ਸਨ। ਹਾਲਾਂਕਿ, ਰਾਹਤ ਨਹੀਂ ਮਿਲੀ ਤੇ ਇਸ ਤੋਂ ਚਿੰਤਤ ਸਰਕਾਰ ਨੇ ਇੰਪੋਰਟ ਦਾ ਫੈਸਲਾ ਕੀਤਾ। ਸਰਕਾਰ ਪਹਿਲਾਂ ਹੀ ਬਫਰ ਸਟਾਕ ਨੂੰ ਸਬਸਿਡੀ ਕੀਮਤਾਂ 'ਤੇ ਕੱਢ ਚੁੱਕੀ ਹੈ। ਹੁਣ ਇਹ ਇੰਪੋਰਟਡ ਪਿਆਜ਼ ਵੇਚ ਰਹੀ ਹੈ। ਸਰਕਾਰ ਵੱਲੋਂ ਦਰਾਮਦ ਕਰ ਰਹੀ MMTC ਨੇ ਤੁਰਕੀ, ਅਫਗਾਨਿਸਤਾਨ ਤੇ ਮਿਸਰ ਨਾਲ ਲਗਭਗ 45,000 ਟਨ ਪਿਆਜ਼ ਦਾ ਸੌਦਾ ਕੀਤਾ ਹੈ।