ਏਅਰ ਇੰਡੀਆ ਦੀ ਹਾਲਤ ਸੁਧਾਰਨ ਲਈ ਪੇਸ਼ੇਵਰਾਂ ਦੀ ਭਰਤੀ ਦੀ ਯੋਜਨਾ : ਪ੍ਰਭੂ

Monday, Dec 31, 2018 - 01:34 AM (IST)

ਏਅਰ ਇੰਡੀਆ ਦੀ ਹਾਲਤ ਸੁਧਾਰਨ ਲਈ ਪੇਸ਼ੇਵਰਾਂ ਦੀ ਭਰਤੀ ਦੀ ਯੋਜਨਾ : ਪ੍ਰਭੂ

ਨਵੀਂ ਦਿੱਲੀ-ਸਰਕਾਰ ਏਅਰ ਇੰਡੀਆ ਦੀ ਹਾਲਤ ਸੁਧਾਰਨ ਲਈ ਇਸ ’ਚ ਦੁਨੀਆ ਭਰ ਤੋਂ ਲੱਭੇ ਗਏ ਪੇਸ਼ੇਵਰਾਂ ਦੀ ਨਿਯੁਕਤੀ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਕੌਮਾਂਤਰੀ ਪੱਧਰ ’ਤੇ ਲੱਭਣ ਦੀ ਪ੍ਰਕਿਰਿਆ ਚਲਾਈ ਜਾਵੇਗੀ। ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਮਈ ’ਚ ਏਅਰ ਇੰਡੀਆ ਦੀ ਰਣਨੀਤਕ ਹਿੱਸੇਦਾਰੀ ਵਿਕਰੀ ਦੀ ਯੋਜਨਾ ਨਾਕਾਮ ਹੋ ਜਾਣ ਤੋਂ ਬਾਅਦ ਸਰਕਾਰ ਨੇ ਹੁਣ ਵੱਖ-ਵੱਖ ਪਹਿਲੂਆਂ ’ਤੇ ਕੰਮ ਸ਼ੁਰੂ ਕੀਤਾ ਹੈ।  ਸਰਕਾਰ ਹੁਣ ਏਅਰ ਇੰਡੀਆ ਪ੍ਰਬੰਧਨ ਨੂੰ ਪੇਸ਼ੇਵਰ ਰੂਪ ਨਾਲ ਸਮਰੱਥ ਬਣਾਉਣ ਦੇ ਪ੍ਰਸਤਾਵ ’ਤੇ ਸਰਗਰਮ ਰੂਪ ਨਾਲ ਵਿਚਾਰ ਕਰ ਰਹੀ ਹੈ। ਪ੍ਰਭੂ ਨੇ ਦੱਸਿਆ, ‘‘ਏਅਰ ਇੰਡੀਆ ’ਚ ਵੱਖ-ਵੱਖ ਉੱਚ ਅਹੁਦਿਆਂ ਨੂੰ ਕੌਮਾਂਤਰੀ ਪੱਧਰ ’ਤੇ ਕੀਤੀ ਗਈ ਪੇਸ਼ੇਵਰਾਂ ਦੀ ਭਾਲ ਨਾਲ ਭਰਿਆ ਜਾਣਾ ਚਾਹੀਦਾ ਹੈ। ਸਰਕਾਰ ਇਸ ਪ੍ਰਸਤਾਵ ’ਤੇ ਵਿਚਾਰ ਕਰ ਰਹੀ ਹੈ।’’ ਮਾਮਲੇ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਸਰਕਾਰ ਦੀ ਇਕ ਖੋਜ ਕਮੇਟੀ ਬਣਾਉਣ ਦੀ ਯੋਜਨਾ ਹੈ ਜੋ ਕਿ ਦੁਨੀਆ ਭਰ ਤੋਂ ਹਵਾਈ ਖੇਤਰ ਦੇ ਪ੍ਰਮੁੱਖ ਪੇਸ਼ੇਵਰਾਂ ਨੂੰ ਏਅਰ ਇੰਡੀਆ ਨਾਲ ਜੋੜਨ ਦਾ ਕੰਮ ਕਰੇਗੀ। ਮੌਜੂਦਾ ’ਚ ਏਅਰ ਇੰਡੀਆ ਦੇ ਨਿਰਦੇਸ਼ਕ ਮੰਡਲ ’ਚ ਸ਼ਹਿਰੀ  ਹਵਾਬਾਜ਼ੀ ਮੰਤਰਾਲਾ ਦੇ 2 ਅਧਿਕਾਰੀਆਂ ਸਮੇਤ 9 ਮੈਂਬਰ ਹਨ। ਘਾਟੇ ’ਚ ਚੱਲ ਰਹੀ ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ’ਤੇ 55,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ੇ ਹੋਣ ਦਾ ਅੰਦਾਜ਼ਾ ਹੈ।


Related News