ਭਾਰਤ ''ਚ ਸੋਨੇ ਦੀ ਮੰਗ 32 ਫੀਸਦੀ ਘਟੀ, WGC ਦੀ ਰਿਪੋਰਟ ''ਚ ਹੋਇਆ ਖੁਲਾਸਾ

11/07/2019 3:27:40 PM

ਚੇਨਈ — ਆਰਥਿਕ ਮੰਦੀ ਅਤੇ ਸਥਾਨਕ ਪੱਧਰ 'ਤੇ ਉੱਚੀਆਂ ਕੀਮਤਾਂ ਕਾਰਨ ਭਾਰਤ ਵਿਚ ਸੋਨੇ ਦੀ ਮੰਗ 'ਚ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਤੰਬਰ ਤਿਮਾਹੀ 'ਚ ਭਾਰਤ 'ਚ ਸੋਨੇ ਦੀ ਮੰਗ 32 ਫੀਸਦੀ ਘੱਟ ਕੇ 124 ਟਨ 'ਤੇ ਆ ਗਈ ਹੈ। World Gold Council ਦੀ ਰਿਪੋਰਟ 'ਚ ਇਹ ਅੰਕੜੇ ਸਾਹਮਣੇ ਆਏ ਹਨ। WGC ਦੀ ਰਿਪੋਰਟ ਮੁਤਾਬਕ ਸੋਨਾ ਦਾ ਆਯਾਤ ਵੀ 2019 ਦੀ ਤੀਜੀ ਤਿਮਾਹੀ 'ਤ 66 ਫੀਸਦੀ ਡਿੱਗ ਕੇ 80.5 ਟਨ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ ਤੋਂ ਬਾਅਦ ਭਾਰਤ ਸੋਨੇ ਦਾ ਦੂਜਾ ਸਭ ਤੋਂ ਵੱਜਾ ਉਪਭੋਗਤਾ ਹੈ।

WGC ਦੀ ਰਿਪੋਰਟ ਮੁਤਾਬਕ ਗਹਿਣਾ ਕਾਰੋਬਾਰੀ ਪਿਛਲੇ ਸਟਾਕ ਅਤੇ 59% ਰੀਸਾਈਕਲਿੰਗ ਨਾਲ ਆਪਣੀ ਮੰਗ ਪੂਰੀ ਕਰ ਰਹੇ ਹਨ। ਇਸ ਕਾਰਨ ਆਯਾਤ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਸਥਾਨਕ ਬਜ਼ਾਰ 'ਚ ਸਤੰਬਰ 'ਚ ਸੋਨੇ ਦੀ ਕੀਮਤ 39,011 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਸੀ ਜਿਹੜੀ ਕਿ ਹੁਣ ਘੱਟ ਕੇ 38,800 ਰੁਪਏ ਦੇ ਆਸਪਾਸ ਪਹੁੰਚ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 2019 ਤੋਂ ਪਹਿਲਾਂ 9 ਮਹੀਨਿਆਂ 'ਚ ਦੇਸ਼ ਦੀ ਸੋਨੇ ਦੀ ਕੁੱਲ ਮੰਗ ਡਿੱਗ ਕੇ 496.11 ਟਨ ਰਹਿ ਗਈ। ਇਕ ਸਾਲ ਪਹਿਲਾਂ ਜਨਵਰੀ-ਸਤੰਬਰ 'ਚ ਇਹ ਅੰਕੜਾ 523.9 ਟਨ ਸੀ। 2018 'ਚ ਸੋਨੇ ਦੀ ਕੁੱਲ ਮੰਗ 760.4 ਟਨ ਸੀ।

WGC ਦੇ ਅੰਕੜਿਆਂ ਮੁਤਾਬਕ ਜਨਵਰੀ-ਸਤੰਬਰ 2019 'ਚ ਸੋਨੇ ਦਾ ਕੁੱਲ ਆਯਾਤ ਘੱਟ ਕੇ 502.9 ਟਨ ਰਹਿ ਗਿਆ ਹੈ। ਪਿਛਲੇ ਸਾਲ ਦੀ ਇਸੇ ਮਿਆਦ 'ਚ 587.3 ਟਨ ਸੋਨੇ ਦਾ ਆਯਾਤ ਕੀਤਾ ਗਿਆ ਸੀ। 2018 'ਚ ਭਾਰਤ ਨੇ 755.7 ਟਨ ਸੋਨੇ ਦਾ ਆਯਾਤ ਕੀਤਾ ਸੀ। 

ਰੀਸਾਈਕਲਿੰਗ ਕੀਤੇ ਜਾਣ ਵਾਲੇ ਸੋਨੇ ਦੀ ਕੁੱਲ ਮਾਤਰਾ ਪਹਿਲੇ 9 ਮਹੀਨੇ 'ਚ ਵਧ ਕੇ 90.5 ਟਨ ਹੋ ਗਈ ਜਦੋਂਕਿ 2018 ਦੇ ਪੂਰੇ ਸਾਲ 'ਚ ਇਹ 87 ਟਨ ਸੀ। ਇਸ ਰੀਸਾਈਕਲਿੰਗ ਨੂੰ ਦੇਖਦੇ ਹੋਏ WGC ਨੇ ਭਾਰਤ ਦੀ ਕੁੱਲ ਸੋਨੇ ਦੀ ਮੰਗ ਦੇ ਅੰਦਾਜ਼ੇ ਨੂੰ ਘਟਾਇਆ ਹੈ।

ਇਹ 2019 'ਚ 700-750 ਟਨ ਦੇ ਦਾਇਰੇ 'ਚ ਰਹਿ ਸਕਦੀ ਹੈ। ਪਹਿਲੇ ਇਸਦੇ 750-800 ਟਨ ਦੇ ਦਾਇਰੇ 'ਚ ਰਹਿਣ ਦੀ ਉਮੀਦ ਸੀ। WGC ਦੀ ਰਿਪੋਰਟ ਮੁਤਾਬਕ ਸੋਨੇ ਦੀ ਗਲੋਬਲ ਮੰਗ 2019 ਦੀ ਤੀਜੀ ਤਿਮਾਹੀ 'ਚ ਵਧ ਕੇ 1,107.9 ਟਨ 'ਤੇ ਪਹੁੰਚ ਗਈ ਹੈ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਮੰਗ 1,079 ਟਨ ਸੀ।


Related News