ਜੀ-20 ਸ਼ੇਰਪਾ ਅਮਿਤਾਭ ਕਾਂਤ ਨੇ ਇਕਸਾਰ ਖੰਡ ਨੀਤੀ ਦਾ ਐਲਾਨ ਕੀਤਾ
Saturday, Jul 27, 2024 - 06:35 PM (IST)
ਮੁੰਬਈ (ਭਾਸ਼ਾ) - ਜੀ-20 ਦੇ ਸ਼ੇਰਪਾ ਅਮਿਤਾਭ ਕਾਂਤ ਨੇ ਸ਼ਨੀਵਾਰ ਨੂੰ ਖੰਡ ਖੇਤਰ ਲਈ ‘ਲੰਮੀ ਮਿਆਦ ਦੇ ਅਗਾਊਂ ਅੰਦਾਜ਼ੇ ਅਤੇ ਸਥਿਰਤਾ ਨੀਤੀ’ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਇਹ 2047 ਤੱਕ ਭਾਰਤ ਨੂੰ ਇਕ ਵਿਕਸਿਤ ਅਰਥਵਿਵਸਥਾ ਬਣਾਉਣ ’ਚ ਮਹੱਤਵਪੂਰਨ ਹੋਵੇਗੀ। ਕਾਂਤ ਦੀ ਇਹ ਟਿੱਪਣੀ ਅਜਿਹੇ ਸਮੇਂ ’ਚ ਆਈ ਹੈ ਜਦੋਂ ਉਦਯੋਗ ਖੰਡ ਬਰਾਮਦ ਤੋਂ ਰੋਕ ਹਟਾਉਣ ਅਤੇ ਗੰਨੇ ਦੀਆਂ ਕੀਮਤਾਂ ਦੇ ਸਮਾਨ ਖੰਡ ਦਾ ਹੇਠਲਾ ਵਿਕਰੀ ਮੁੱਲ ਵਧਾਉਣ ਦੀ ਮੰਗ ਕਰ ਰਿਹਾ ਹੈ ।
ਕਾਂਤ ਨੇ ਆਲ ਇੰਡੀਆ ਸ਼ੂਗਰ ਟਰੇਡ ਐਸੋਸੀਏਸ਼ਨ (ਏ. ਆਈ. ਐੱਸ. ਟੀ. ਏ.) ਵੱਲੋਂ ਆਯੋਜਿਤ ਇਕ ਸੰਮੇਲਨ ’ਚ ਕਿਹਾ,“ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਸਾਨੂੰ ਨੀਤੀ ਦੇ ਲੰਮੀ ਮਿਆਦ ਦੀ ਅਗਾਊਂ ਅਨੁਮਾਨਸ਼ੀਲਤਾ ਅਤੇ ਸਥਿਰਤਾ ਦੀ ਲੋੜ ਹੈ। ਨਹੀਂ ਤਾਂ, ਇਸ ਖੇਤਰ ਲਈ ਇਹ ਮੁਸ਼ਕਲ ਹੋਵੇਗਾ।” ਇਸ ਖੇਤਰ ਦੇ ਮਹੱਤਵ ’ਤੇ ਪ੍ਰਕਾਸ਼ ਪਾਉਂਦੇ ਹੋਏ ਕਾਂਤ ਨੇ ਕਿਹਾ ਕਿ ਖੰਡ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ 1.1 ਫੀਸਦੀ ਦਾ ਯੋਗਦਾਨ ਦਿੰਦੀ ਹੈ ਅਤੇ ਕੱਚੇ ਤੇਲ ਦੇ ਦਰਾਮਦ ਬਿੱਲ ਨੂੰ ਘੱਟ ਕਰਨ, ਊਰਜਾ ਤਬਦੀਲੀ, ਸਰਕੂਲਰ ਅਰਥਵਿਵਸਥਾ ਨੂੰ ਬੜ੍ਹਾਵਾ ਦੇਣ ਅਤੇ ਸ਼ੁੱਧ ਜ਼ੀਰੋ ਿਨਕਾਸੀ ਪ੍ਰਾਪਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ,“ਖੰਡ ਉਦਯੋਗ 2047 ਤੱਕ ਭਾਰਤ ਨੂੰ ਵਿਕਸਿਤ ਅਰਥਵਿਵਸਥਾ ਬਣਾਉਣ ’ਚ ਮੁੱਖ ਭੂਮਿਕਾ ਨਿਭਾਏਗਾ।’’
ਕਾਂਤ ਨੇ ਉਦਯੋਗ ਨੂੰ ਅਪੀਲ ਕੀਤੀ ਕਿ ਉਹ ਈਥੇਨਾਲ ਤੋਂ ਇਲਾਵਾ ਵਿਭਿੰਨਤਾ ਦੀਆਂ ਸੰਭਾਵਨਾਵਾਂ ਲੱਭੇ ਅਤੇ ਉੱਚ ਉਪਜ ਦੇਣ ਵਾਲੀ, ਘੱਟ ਪਾਣੀ ਦੀ ਖਪਤ ਵਾਲੀ ਗੰਨਾ ਕਿਸਮਾਂ ਦੇ ਵਿਕਾਸ ਲਈ ਖੋਜ ’ਚ ਨਿਵੇਸ਼ ਕਰੇ ਕਿਉਂਕਿ ਖੰਡ ਦੇ ਟਾਪ ਉਤਪਾਦਕ ਬ੍ਰਾਜ਼ੀਲ ਦੀ ਤੁਲਣਾ ’ਚ ਭਾਰਤ ’ਚ ਪਾਣੀ ਸੰਸਾਧਨ ਸੀਮਿਤ ਹਨ। ਕੇਂਦਰੀ ਖੁਰਾਕ ਰਾਜ ਮੰਤਰੀ ਨਿਮੁਬੇਨ ਜਯੰਤੀਭਾਈ ਬਾਂਭਣੀਆ ਨੇ ਕਿਹਾ ਕਿ ਸਰਕਾਰ ਨੇ ਭਾਰਤ ਨੂੰ ਖੰਡ ਦੇ ਮਾਮਲੇ ’ਚ ਆਤਮਨਿਰਭਰ ਬਣਾਉਣ ਦੀ ਦਿਸ਼ਾ ’ਚ ਕਈ ਕਦਮ ਚੁੱਕੇ ਹਨ। ਇਸ ਪ੍ਰੋਗਰਾਮ ’ਚ ਉਦਯੋਗ ਜਗਤ ਦੇ ਮੁੱਖ ਲੋਕਾਂ ਨੇ ਨੀਤੀਗਤ ਬਦਲਾਵਾਂ ਅਤੇ ਬਰਾਮਦ ਛੋਟ ’ਤੇ ਜ਼ੋਰ ਦਿੱਤਾ। ਸ਼੍ਰੀ ਰੇਣੁਕਾ ਸ਼ੂਗਰਸ ਲਿਮਟਿਡ ਦੇ ਕਾਰਜਕਾਰੀ ਚੇਅਰਮੈਨ ਅਤੁੱਲ ਚਤੁਰਵੇਦੀ ਨੇ ਕਿਹਾ ਕਿ ਭਾਰਤ ਦੀ ਖੰਡ ਬਰਾਮਦ ਰੋਕ ਨਾਲ ਬ੍ਰਾਜ਼ੀਲ ਨੂੰ ਕਾਫੀ ਲਾਭ ਹੋਇਆ ਹੈ। ਰਾਸ਼ਟਰੀ ਸਹਿਕਾਰੀ ਖੰਡ ਮਿੱਲ ਸੰਘ (ਐੱਨ. ਐੱਫ. ਸੀ. ਐੱਸ. ਐੱਫ.) ਦੇ ਚੇਅਰਮੈਨ ਹਰਸ਼ਵਰਧਨ ਪਾਟਿਲ ਨੇ ਸਰਕਾਰ ਨੂੰ 20 ਲੱਖ ਟਨ ਖੰਡ ਬਰਾਮਦ ਦੀ ਆਗਿਆ ਦੇਣ ਦੀ ਅਪੀਲ ਕੀਤੀ। ਉਨ੍ਹਾਂ ਆਗਾਹ ਕਰਦੇ ਹੋਏ ਕਿਹਾ ਕਿ ਲਗਾਤਾਰ ਨੀਤੀਗਤ ਬਦਲਾਵਾਂ ਨਾਲ ਉਦਯੋਗ ਤਬਾਹ ਹੋ ਸਕਦਾ ਹੈ।