FPIs ਨੇ ਅਗਸਤ ਦੇ ਪਹਿਲੇ ਪੰਦਰਵਾੜੇ ਕੀਤਾ 2,085 ਕਰੋੜ ਰੁ: ਦਾ ਨਿਵੇਸ਼ ਕੀਤਾ

08/15/2021 5:22:05 PM

ਨਵੀਂ ਦਿੱਲੀ- ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈਜ਼.) ਨੇ ਦੇਸ਼ ਵਿਚ ਆਰਥਿਕ ਸਰਗਰਮੀ ਤੇਜ਼ ਹੋਣ ਦੇ ਮੱਦੇਨਜ਼ਰ ਅਗਸਤ ਦੇ ਪਹਿਲੇ ਪੰਦਰਵਾੜੇ ਵਿਚ ਭਾਰਤੀ ਬਾਜ਼ਾਰ ਵਿਚ 2,085 ਕਰੋੜ ਰੁਪਏ ਮੁੱਲ ਦੇ ਸ਼ੇਅਰ ਖ਼ਰੀਦੇ ਹਨ।

ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਨੇ 2 ਅਗਸਤ ਤੋਂ 13 ਅਗਸਤ ਵਿਚਕਾਰ 2,085 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ।

ਇਸ ਦੌਰਾਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਬਾਂਡ ਬਾਜ਼ਾਰ ਤੋਂ ਸ਼ੁੱਧ ਰੂਪ ਨਾਲ 2,044 ਕਰੋੜ ਰੁਪਏ ਦੀ ਨਿਕਾਸੀ ਕੀਤੀ। ਕੋਟਕ ਸਕਿਓਰਿਟੀਜ਼ ਦੇ ਕਾਰਜਕਾਰੀ ਉਪ ਮੁਖੀ (ਇਕੁਇਟੀ ਤਕਨੀਕੀ ਰਿਸਰਚ) ਸ਼੍ਰੀਕਾਂਤ ਚੌਹਾਨ ਨੇ ਕਿਹਾ ਕਿ ਅਗਸਤ ਵਿਚ ਪੂੰਜੀ ਨਿਵੇਸ਼ ਦਾ ਸਿਹਰਾ ਘਰੇਲੂ ਬਾਜ਼ਾਰ ਵਿਚ ਆਰਥਿਕ ਸਰਗਮੀਆਂ ਵਿਚ ਸੁਧਾਰ ਨੂੰ ਜਾਂਦਾ ਹੈ। ਹਾਲਾਂਕਿ, ਗਲੋਬਲ ਪੱਧਰ 'ਤੇ ਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਗੌਰਤਲਬ ਹੈ ਕਿ ਪਿਛਲੇ ਹਫ਼ਤੇ ਸੈਂਸੈਕਸ ਨੇ ਕੁੱਲ ਮਿਲਾ ਕੇ 1,159.57 ਯਾਨੀ 2.13 ਫ਼ੀਸਦੀ ਦਾ ਉਛਾਲ ਦਰਜ ਕੀਤਾ। ਸ਼ੁੱਕਰਵਾਰ ਨੂੰ ਇਹ ਪਹਿਲੀ ਵਾਰ 55 ਹਜ਼ਾਰ ਤੋਂ ਪਾਰ 55,487.79 'ਤੇ ਪਹੁੰਚ ਗਿਆ। ਅਗਲੇ ਹਫ਼ਤੇ ਵੀਰਵਾਰ ਨੂੰ ਮੁਹਰਮ ਦੇ ਮੌਕੇ 'ਤੇ ਸ਼ੇਅਰ ਬਾਜ਼ਾਰ ਬੰਦ ਰਹੇਗਾ। ਹੁਣ ਤੱਕ ਜ਼ਿਆਦਾਤਰ ਕੰਪਨੀਆਂ ਦੇ ਜੂਨ ਤਿਮਾਹੀ ਦੇ ਵਿੱਤੀ ਨਤੀਜੇ ਆਉਣ ਪਿੱਛੋਂ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਦੀ ਨਜ਼ਰ ਗਲੋਬਲ ਰੁਖ਼ 'ਤੇ ਹੋਵੇਗੀ। 


Sanjeev

Content Editor

Related News