ਸੈਲਾਨੀਆਂ ਤੋਂ ਵਿਦੇਸ਼ੀ ਕਰੰਸੀ ਕਮਾਈ 2,254 ਕਰੋੜ ਰੁਪਏ ਵਧੀ

11/18/2017 12:07:00 AM

ਨਵੀਂ ਦਿੱਲੀ  (ਭਾਸ਼ਾ)-ਦੇਸ਼ 'ਚ ਸੈਰ-ਸਪਾਟਾ ਮਾਧਿਅਮ ਨਾਲ ਹੋਣ ਵਾਲੀ ਵਿਦੇਸ਼ੀ ਕਰੰਸੀ ਕਮਾਈ 'ਚ ਇਸ ਸਾਲ ਅਕਤੂਬਰ ਮਹੀਨੇ 'ਚ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ 2,254 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਸੈਰ-ਸਪਾਟਾ ਮੰਤਰਾਲਾ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ।   
ਅਕਤੂਬਰ 2017 'ਚ ਵਿਦੇਸ਼ੀ ਕਰੰਸੀ ਕਮਾਈ 14,354 ਕਰੋੜ ਰੁਪਏ ਹੋਈ, ਜਦੋਂ ਕਿ ਅਕਤੂਬਰ 2016 'ਚ ਵਿਦੇਸ਼ੀ ਕਰੰਸੀ ਕਮਾਈ 12,100 ਕਰੋੜ ਅਤੇ ਅਕਤੂਬਰ 2015 'ਚ ਇਹ 10,549 ਕਰੋੜ ਰੁਪਏ ਰਹੀ ਸੀ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਅਕਤੂਬਰ 2016 ਦੇ ਮੁਕਾਬਲੇ ਅਕਤੂਬਰ 2017 'ਚ ਵਿਦੇਸ਼ੀ ਕਰੰਸੀ ਕਮਾਈ 'ਚ 18.6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਅਕਤੂਬਰ 2015 ਦੇ ਮੁਕਾਬਲੇ ਅਕਤੂਬਰ 2016 'ਚ ਇਹ ਵਾਧਾ ਦਰ 14.7 ਫ਼ੀਸਦੀ ਸੀ। 
ਮੰਤਰਾਲਾ ਨੇ ਕਿਹਾ ਕਿ ਜਨਵਰੀ-ਅਕਤੂਬਰ 2017 ਦੀ ਮਿਆਦ ਦੌਰਾਨ ਵਿਦੇਸ਼ੀ ਕਰੰਸੀ ਕਮਾਈ 1,44,225 ਕਰੋੜ ਰੁਪਏ ਦਰਜ ਕੀਤੀ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 16.9 ਫ਼ੀਸਦੀ ਜ਼ਿਆਦਾ ਸੀ। ਜਨਵਰੀ-ਅਕਤੂਬਰ, 2016 ਦੀ ਮਿਆਦ ਦੌਰਾਨ 1,23,329 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਕਮਾਈ ਹੋਈ ਸੀ, ਜੋ 2015 ਦੀ ਇਸੇ ਮਿਆਦ ਦੇ ਮੁਕਾਬਲੇ 13.8 ਫ਼ੀਸਦੀ ਜ਼ਿਆਦਾ ਸੀ।


Related News