'ਸਾਲ 2020-21 'ਚ ਅਨਾਜ ਉਤਪਾਦਨ ਵੱਧ ਕੇ 30 ਕਰੋੜ 54 ਲੱਖ ਟਨ ਹੋਵੇਗਾ'
Wednesday, May 26, 2021 - 08:25 AM (IST)
ਨਵੀਂ ਦਿੱਲੀ- ਖੇਤੀਬਾੜੀ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦਾ ਅਨਾਜ ਉਤਪਾਦਨ ਮੌਜੂਦਾ ਫ਼ਸਲੀ ਸਾਲ 2020-21 ਵਿਚ 2.66 ਫ਼ੀਸਦ ਵੱਧ ਕੇ 30 ਕਰੋੜ 54.3 ਲੱਖ ਟਨ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚਣ ਦੀ ਉਮੀਦ ਹੈ। ਪਿਛਲੇ ਸਾਲ ਚੰਗੀ ਮਾਨਸੂਨ ਬਾਰਸ਼ ਨਾਲ ਚੌਲ, ਕਣਕ ਅਤੇ ਦਾਲਾਂ ਦੀ ਫ਼ਸਲ ਵਧੀਆ ਹੋਈ ਹੈ। ਫ਼ਸਲੀ ਸਾਲ 2019-20 (ਜੁਲਾਈ-ਜੂਨ) ਵਿਚ ਦੇਸ਼ ਦਾ ਅਨਾਜ ਉਤਪਾਦਨ (ਕਣਕ, ਚੌਲ, ਦਾਲਾਂ ਅਤੇ ਮੋਟੇ ਅਨਾਜ ਸਮੇਤ) ਰਿਕਾਰਡ 29 ਕਰੋੜ 75 ਲੱਖ ਟਨ ਰਿਹਾ ਸੀ।
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਉਤਪਾਦਨ ਵਿਚ ਵਾਧੇ ਲਈ ਕਿਸਾਨਾਂ ਅਤੇ ਵਿਗਿਆਨੀਆਂ ਦੇ ਯਤਨਾਂ ਦੇ ਨਾਲ-ਨਾਲ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਸਿਹਰਾ ਦਿੱਤਾ। ਅੰਕੜਿਆਂ ਅਨੁਸਾਰ, ਫ਼ਸਲੀ ਸਾਲ 2020-21 ਵਿਚ ਚੌਲਾਂ ਦਾ ਉਤਪਾਦਨ 12 ਕਰੋੜ 14.6 ਲੱਖ ਟਨ ਹੋਣ ਦਾ ਅਨੁਮਾਨ ਹੈ, ਜਦੋਂ ਕਿ ਪਿਛਲੇ ਸਾਲ ਇਹ 11 ਕਰੋੜ 88.7 ਲੱਖ ਟਨ ਸੀ। ਕਣਕ ਦਾ ਉਤਪਾਦਨ 10 ਕਰੋੜ 87.5 ਲੱਖ ਟਨ ਹੋਣ ਦਾ ਅਨੁਮਾਨ ਹੈ, ਜਦੋਂ ਕਿ ਪਿਛਲੇ ਸਾਲ ਇਹ 10 ਕਰੋੜ 78.6 ਲੱਖ ਟਨ ਸੀ।
ਉੱਥੇ ਹੀ, ਮੋਟੇ ਅਨਾਜ ਦਾ ਉਤਪਾਦਨ ਇਕ ਸਾਲ ਪਹਿਲਾਂ ਦੇ 4 ਕਰੋੜ 77.5 ਲੱਖ ਟਨ ਤੋਂ ਵੱਧ ਕੇ 4 ਕਰੋੜ 96.6 ਲੱਖ ਟਨ ਹੋਣ ਦੀ ਸੰਭਾਵਨਾ ਹੈ। ਦਾਲਾਂ ਦਾ ਉਤਪਾਦਨ 55.6 ਲੱਖ ਟਨ ਹੋਣ ਦਾ ਅਨੁਮਾਨ ਹੈ, ਜੋ ਕਿ ਫ਼ਸਲੀ ਸਾਲ 2019-20 ਵਿਚ 30.3 ਲੱਖ ਟਨ ਦੇ ਉਤਪਾਦਨ ਨਾਲੋਂ ਵੱਧ ਹੈ। ਉੱਥੇ ਹੀ, ਗੈਰ ਅਨਾਜ ਸ਼੍ਰੇਣੀ ਵਿਚ ਗੰਨੇ ਦਾ ਉਤਪਾਦਨ ਪਿਛਲੇ ਸਾਲ ਦੇ 37 ਕਰੋੜ ਪੰਜ ਲੱਖ ਟਨ ਤੋਂ ਵੱਧ ਕੇ 39 ਕਰੋੜ 27.9 ਲੱਖ ਟਨ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਕਪਾਹ ਦਾ ਉਤਪਾਦਨ ਪਿਛਲੇ ਸਾਲ ਦੇ ਤਿੰਨ ਕਰੋੜ 60.7 ਲੱਖ ਗੰਢਾਂ ਤੋਂ ਵੱਧ ਕੇ ਤਿੰਨ ਕਰੋੜ 64.9 ਲੱਖ ਗੰਢ (170 ਕਿਲੋਗ੍ਰਾਮ ਹਰੇਕ) ਹੋਣ ਦੀ ਉਮੀਦ ਹੈ।ਮੰਤਰਾਲਾ ਨੇ ਕਿਹਾ ਕਿ ਇਹ ਅੰਦਾਜ਼ਾ ਰਾਜਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਲਾਇਆ ਗਿਆ ਹੈ।