ਬਿਨਾਂ RT-PCR ਰਿਪੋਰਟ ਦੇ ਇਨ੍ਹਾਂ 7 ਮੁਲਕਾਂ ਤੋਂ ਭਾਰਤ ਆਉਣਾ ਹੁਣ ਤੋਂ ਬੈਨ!

09/05/2021 8:16:37 AM

ਨਵੀਂ ਦਿੱਲੀ- ਕੋਵਿਡ-19 ਦੇ ਨਵੇਂ ਰੂਪ 'ਸੀ.1.2' ਦੇ ਡਰ ਕਾਰਨ ਸਰਕਾਰ ਨੇ 7 ਦੇਸ਼ਾਂ ਤੋਂ ਭਾਰਤ ਲਈ ਉਡਾਣ ਭਰਨ ਵਾਲੇ ਲੋਕਾਂ ਲਈ ਆਰ. ਟੀ.-ਪੀ. ਸੀ. ਆਰ. ਜਾਂਚ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਬੰਗਲਾਦੇਸ਼, ਚੀਨ, ਬੋਤਸਵਾਨਾ, ਮੌਰਸ਼ਿਸ ਅਤੇ ਜ਼ਿੰਬਾਬਵੇ ਤੋਂ ਆਉਣ ਵਾਲੇ ਮੁਸਾਫਰਾਂ 'ਤੇ ਇਹ ਨਿਯਮ ਲਾਗੂ ਹੋਵੇਗਾ।

ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕੋਰੋਨਾ ਟੈਸਟ ਦੀ ਰਿਪੋਰਟ 72 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਇਸ ਤੋਂ ਪਹਿਲਾਂ ਇਹ ਨਿਯਮ ਸਿਰਫ ਯੂ. ਕੇ., ਯੂਰਪ ਤੇ ਮੱਧ ਪੂਰਬ ਤੋਂ ਆਉਣ ਵਾਲਿਆਂ ਲਈ ਲਾਗੂ ਸੀ।

ਇਸ ਦੇ ਨਾਲ ਹੀ, ਸਿਹਤ ਮੰਤਰਾਲਾ ਨੇ ਕਿਹਾ ਹੈ ਕਿ ਭਾਰਤ ਤੋਂ ਵੀ ਸਿਰਫ ਬਿਨਾਂ ਲੱਛਣ ਵਾਲੇ ਯਾਤਰੀਆਂ ਨੂੰ ਹੀ ਉਡਾਣਾਂ ਵਿਚ ਸਵਾਰ ਹੋਣ ਦੀ ਇਜਾਜ਼ਤ ਦਿੱਤੀ ਜਾਏਗੀ। ਇਸ ਤੋਂ ਇਲਾਵਾ ਉਕਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤੀ ਹਵਾਈ ਅੱਡਿਆਂ 'ਤੇ ਉਤਰਨ ਸਮੇਂ ਇਕ ਹੋਰ ਆਰ. ਟੀ.-ਪੀ. ਸੀ. ਆਰ. ਜਾਂਚ ਕਰਾਉਣੀ ਹੋਵੇਗੀ।

ਗੌਰਤਲਬ ਹੈ ਕਿ ਕੋਵਿਡ-19 ਦਾ ਨਵਾਂ ਸੀ.1.2 ਸਟ੍ਰੇਨ ਪਹਿਲੀ ਵਾਰ ਦੱਖਣੀ ਅਫਰੀਕਾ ਵਿਚ ਪਾਇਆ ਗਿਆ ਸੀ, ਜੋ ਡੈਲਟਾ ਸੰਕਰਮਣ ਪਿੱਛੋਂ ਵਿਸ਼ਵ ਭਰ ਲਈ ਨਵਾਂ ਖ਼ਤਰਾ ਬਣ ਰਿਹਾ ਹੈ। ਸਰਕਾਰੀ ਸੂਤਰਾਂ ਅਨੁਸਾਰ, ਭਾਰਤ ਵਿਚ ਹੁਣ ਤੱਕ ਇਹ ਨਵਾਂ ਕੋਵਿਡ ਰੂਪ ਨਹੀਂ ਮਿਲਿਆ ਹੈ। ਇਕ ਅਧਿਐਨ ਅਨੁਸਾਰ, ਜਿਸ ਦੀ ਸਮੀਖਿਆ ਅਜੇ ਬਾਕੀ ਹੈ, ਕੋਰੋਨਾ ਦਾ ਸੀ.1.2 ਸਟ੍ਰੇਨ ਵਧੇਰੇ ਛੂਤਕਾਰੀ ਹੋ ਸਕਦਾ ਹੈ। ਇਕ ਰਿਪੋਰਟ ਮੁਤਾਬਕ, 13 ਅਗਸਤ ਤੱਕ ਸੀ.1.2 ਸਟ੍ਰੇਨ ਚੀਨ, ਡੈਮੋਕਰੇਟਿਕ ਰੀਪਬਲਿਕ ਆਫ਼ ਕਾਂਗੋ, ਮੌਰਸ਼ਿਸ, ਇੰਗਲੈਂਡ, ਨਿਊਜ਼ੀਲੈਂਡ, ਪੁਰਤਗਾਲ ਅਤੇ ਸਵਿਟਜ਼ਰਲੈਂਡ ਵਿਚ ਪਾਇਆ ਜਾ ਚੁੱਕਾ ਹੈ। ਸਰਕਾਰ ਨੇ ਨਵੇਂ ਕੋਵਿਡ ਸੰਕਰਮਣ ਨੂੰ ਲੈ ਕੇ ਰਾਜਾਂ ਨੂੰ ਵੀ ਸੁਚੇਤ ਕੀਤਾ ਹੈ।


Sanjeev

Content Editor

Related News