ਫਲਿੱਪਕਾਰਟ ਨੇ 12,000 ਮੁਲਾਜ਼ਮਾਂ ਲਈ ਮਈ ਤੱਕ ਵਧਾਈ WFH ਪਾਲਿਸੀ
Friday, Dec 04, 2020 - 11:10 PM (IST)
ਬੇਂਗਲੁਰੂ— ਈ-ਕਾਮਰਸ ਦਿੱਗਜ ਫਲਿੱਪਕਾਰਟ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਆਪਣੇ 12,000 ਮੁਲਾਜ਼ਮਾਂ ਲਈ 'ਘਰ ਤੋਂ ਕੰਮ (ਡਬਲਿਊ. ਐੱਫ. ਐੱਚ.) ਨੀਤੀ' ਨੂੰ 31 ਮਈ, 2021 ਤੱਕ ਵਧਾ ਦਿੱਤਾ ਹੈ।
ਮੌਜੂਦਾ ਸਥਿਤੀ ਦੇ ਮੁਲਾਂਕਣ ਦੇ ਆਧਾਰ 'ਤੇ ਵਾਲਮਾਰਟ ਦੀ ਮਾਲਕੀਅਤ ਵਾਲੀ ਫਰਮ ਵੱਲੋਂ ਕਰਮਚਾਰੀਆਂ ਨੂੰ ਭੇਜੀ ਗਈ ਇਕ ਅੰਦਰੂਨੀ ਈ-ਮੇਲ ਦੇ ਅਨੁਸਾਰ, ਅਗਲੇ ਸਾਲ ਮਈ ਦੇ ਅੰਤ ਤੱਕ 'ਘਰ ਤੋਂ ਕੰਮ ਨੀਤੀ' ਨੂੰ ਵਧਾ ਦਿੱਤਾ ਗਿਆ ਹੈ, ਯਾਨੀ ਮਹਾਮਾਰੀ ਦੌਰਾਨ ਘਰ ਤੋਂ ਹੀ ਕੰਮ ਕਰ ਸਕਣਗੇ। ਇਸ ਤੋਂ ਪਹਿਲਾਂ ਕੰਪਨੀ ਵੱਲੋਂ ਇਸ ਸਾਲ ਦਸੰਬਰ ਤੱਕ 'ਵਰਕ ਫਰਾਮ ਹੋਮ ਪਾਲਿਸੀ' ਵਧਾਈ ਗਈ ਸੀ। ਹਾਲਾਂਕਿ, ਰੋਸਟਰ ਦੇ ਆਧਾਰ 'ਤੇ ਦਫ਼ਤਰ ਆ ਰਹੀਆਂ ਟੀਮਾਂ ਲਈ ਇਹ ਇਸੇ ਤਰ੍ਹਾਂ ਜਾਰੀ ਰਹੇਗਾ।
ਗੌਰਤਲਬ ਹੈ ਕਿ ਕੋਈ ਕੋਵਿਡ-19 ਟੀਕਾ ਜਾਂ ਦਵਾਈ ਹੁਣ ਤੱਕ ਉਪਲਬਧ ਨਾ ਹੋਣ ਕਾਰਨ ਕੰਪਨੀਆਂ ਘੱਟੋ-ਘੱਟ 2021 ਦੇ ਅੱਧ ਤੱਕ ਕਰਮਚਾਰੀਆਂ ਨੂੰ ਰਿਪੋਰਟਲੀ ਯਾਨੀ ਘਰ ਤੋਂ ਕੰਮ ਕਰਨ ਦੀ ਮਨਜ਼ੂਰੀ ਦੇਣ ਲਈ ਤਿਆਰ ਹਨ। ਹਾਲ ਹੀ 'ਚ ਈ. ਵਾਈ. ਨੇ ਕਰਮਚਾਰੀਆਂ ਲਈ 'ਘਰ ਤੋਂ ਕੰਮ' ਨੂੰ ਅਗਲੇ ਸਾਲ ਜੂਨ ਤੱਕ ਵਧਾ ਦਿੱਤਾ ਹੈ, ਜਦੋਂ ਕਿ ਵਰਲਪੂਲ ਨੇ ਇਸ ਸਾਲ ਦੇ ਅੰਤ ਤੱਕ ਲਈ ਅਜਿਹਾ ਫ਼ੈਸਲਾ ਕੀਤਾ ਹੈ।
ਡਰ ਇਹ ਹੈ ਕਿ ਮਹਾਮਾਰੀ ਘੱਟੋ-ਘੱਟ ਅਗਲੇ ਸਾਲ ਤੱਕ ਜਾਰੀ ਰਹੇਗੀ। ਈ. ਵਾਈ. ਨੇ ਪਿਛਲੇ ਪੰਜ ਮਹੀਨਿਆਂ ਤੋਂ ਆਪਣੇ ਦਫ਼ਤਰ ਖੋਲ੍ਹੇ ਹਨ ਪਰ ਰਿਮੋਟਲੀ ਕੰਮ ਨੂੰ ਤਰਜੀਹ ਦਿੱਤੀ ਗਈ ਹੈ।