ਥਾਈਲੈਂਡ ਦੀ ਕੰਪਨੀ ਦਾ ਪਹਿਲਾ ਥੋਕ ਵਿਕਰੀ ਕੇਂਦਰ ਦਿੱਲੀ ''ਚ ਖੁੱਲ੍ਹਿਆ
Thursday, Jul 19, 2018 - 12:59 AM (IST)

ਨਵੀਂ ਦਿੱਲੀ— ਥਾਈਲੈਂਡ ਦੀ ਕੰਪਨੀ ਸਿਆਮ ਮੈਕਰੋ ਪਬਲਿਕ ਕੰਪਨੀ ਲਿਮਟਿਡ ਨੇ ਭਾਰਤ 'ਚ 1,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੇ ਆਪਣੇ ਵਾਅਦੇ ਨੂੰ ਅਮਲ 'ਚ ਲਿਆਉਂਦਿਆਂ ਰਾਸ਼ਟਰੀ ਰਾਜਧਾਨੀ 'ਚ ਅੱਜ ਆਪਣਾ ਪਹਿਲਾ ਥੋਕ ਵਿਕਰੀ ਕੇਂਦਰ ਖੋਲ੍ਹ ਦਿੱਤਾ। ਦਿੱਲੀ ਦੇ ਨੇਤਾਜੀ ਸੁਭਾਸ਼ ਪਲੇਸ ਮੈਟਰੋ ਸਟੇਸ਼ਨ 'ਚ ਕੰਪਨੀ ਦੇ ਪਹਿਲੇ ਥੋਕ ਵਿਕਰੀ ਕੇਂਦਰ 'ਲਾਟਸ ਹੋਲਸੇਲ ਸਾਲਿਊਸ਼ਨਜ਼' ਦਾ ਉਦਘਾਟਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ।
ਕਰੀਬ 50,000 ਵਰਗ ਫੁੱਟ ਖੇਤਰ 'ਚ ਫੈਲੇ ਇਸ ਥੋਕ ਵਿਕਰੀ ਕੇਂਦਰ 'ਚ ਰਜਿਸਟਰਡ ਮੈਂਬਰਾਂ ਨੂੰ ਥੋਕ 'ਚ ਸਾਮਾਨ ਦੀ ਵਿਕਰੀ ਕੀਤੀ ਜਾਵੇਗੀ। ਸਟੋਰ 'ਚ ਫਲ, ਸਬਜ਼ੀਆਂ, ਠੰਡਾ ਪੀਣ ਵਾਲੇ ਪਦਾਰਥ, ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ, ਮਾਸ ਤੋਂ ਲੈ ਕੇ ਹਰ ਤਰ੍ਹਾਂ ਦੇ ਖੁਰਾਕੀ ਉਤਪਾਦ ਸਸਤੀਆਂ ਕੀਮਤਾਂ 'ਤੇ ਮੁਹੱਈਆ ਹੋਣਗੇ। ਲਾਟਸ ਹੋਲਸੇਲ ਸਾਲਿਊਸ਼ਨਜ਼ ਦੇ ਸੰਚਾਲਨ ਅਤੇ ਕਾਰੋਬਾਰ ਵਿਕਾਸ ਨਿਰਦੇਸ਼ਕ ਸਮੀਰ ਸਿੰਘ ਨੇ ਕਿਹਾ, ''ਕੰਪਨੀ ਦੇਸ਼ 'ਚ ਅਗਲੇ 5 ਸਾਲਾਂ 'ਚ 1,200 ਕਰੋੜ ਰੁਪਏ ਦਾ ਨਿਵੇਸ਼ ਕਰੇਗੀ, ਜਿਸ 'ਚ ਸਿੱਧੇ ਅਤੇ ਅਸਿੱਧੇ ਰੂਪ ਨਾਲ ਕਰੀਬ 5,000 ਲੋਕਾਂ ਨੂੰ ਰੋਜ਼ਗਾਰ ਮਿਲੇਗਾ।'' ਕੰਪਨੀ ਨੇ ਪਿਛਲੇ ਸਾਲ ਆਯੋਜਿਤ 'ਵਰਲਡ ਫੂਡ ਇੰਡੀਆ-2017' 'ਚ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਦੇ ਨਾਲ ਦੇਸ਼ 'ਚ 1,000 ਕਰੋੜ ਰੁਪਏ ਦੇ ਨਿਵੇਸ਼ ਦੇ ਸਹਿਮਤੀ ਮੀਮੋ 'ਤੇ ਸਮਝੌਤਾ ਕੀਤਾ ਸੀ।