ਫੈੱਡ ਨੇ ਦਿੱਤਾ ਵਿਆਜ ਦਰਾਂ ’ਚ ਕਟੌਤੀ ’ਚ ਦੇਰੀ ਦਾ ਸੰਕੇਤ, ਦੁਨੀਆ ਭਰ ਦੇ ਬਾਜ਼ਾਰ ਢਹਿ-ਢੇਰੀ
Thursday, Jan 18, 2024 - 11:00 AM (IST)
ਨਵੀਂ ਦਿੱਲੀ (ਵਿਸ਼ੇਸ਼) – ਅਮਰੀਕਾ ਦੇ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਵਲੋਂ ਸਾਲ 2024 ਵਿਚ ਵਿਆਜ ਦਰਾਂ ਵਿਚ ਕਟੌਤੀ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਬੁੱਧਵਾਰ ਨੂੰ ਦੁਨੀਆ ਭਰ ਵਿਚ ਨਿਵੇਸ਼ਕਾਂ ਦੀ ਸ਼ਾਮਤ ਆ ਗਈ। ਦਰਅਸਲ ਫੈੱਡ ਰਿਜ਼ਰਵ ਦੇ ਗਵਰਨਰ ਕ੍ਰਿਸਟੋਫਰ ਵਾਲਰ ਨੇ ਵਾਸ਼ਿੰਗਟਨ ਡੀ. ਸੀ. ਵਿਚ ਬਰੂਕਿੰਗਸ ਇੰਸਟੀਚਿਊਟ ਵਿਚ ਮੰਗਲਵਾਰ ਰਾਤ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਮੌਜੂਦਾ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਫਿਲਹਾਲ ਵਿਆਜ ਦਰਾਂ ਵਿਚ ਕਟੌਤੀ ਦੀ ਲੋੜ ਨਹੀਂ ਹੈ। ਅਮਰੀਕਾ ਸਮੇਤ ਪੂਰੀ ਦੁਨੀਆ ਦੇ ਨਿਵੇਸ਼ਕ ਇਹ ਉਮੀਦ ਕਰ ਰਹੇ ਸਨ ਕਿ ਫੈੱਡ ਰਿਜ਼ਰਵ ਮਾਰਚ ਮਹੀਨੇ ਤੋਂ ਵਿਆਜ ਦਰਾਂ ਵਿਚ ਕਟੌਤੀ ਦੀ ਸ਼ੁਰੂਆਤ ਕਰੇਗਾ ਅਤੇ ਇਸ ਤੋਂ ਬਾਅਦ ਪੂਰੀ ਦੁਨੀਆ ਵਿਚ ਵਿਆਜ ਦਰਾਂ ਘੱਟ ਹੋਣਗੀਆਂ।
ਇਹ ਵੀ ਪੜ੍ਹੋ : 31 ਜਨਵਰੀ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਬਲੈਕਲਿਸਟ ਹੋ ਜਾਵੇਗਾ ਤੁਹਾਡਾ FASTags, ਜਾਣੋ ਜ਼ਰੂਰੀ ਨਿਯਮ
ਇਸ ਤੋਂ ਇਲਾਵਾ ਅਮਰੀਕਾ ’ਚ 10 ਸਾਲ ਦੀ ਬਾਂਡ ਯੀਲਡ 4.04 ਫੀਸਦੀ ’ਤੇ ਪੁੱਜ ਜਾਣ ਕਾਰਨ ਵੀ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਬਾਜ਼ਾਰ ਇਸ ਉਮੀਦ ਵਿਚ ਭੱਜ ਰਿਹਾ ਸੀ ਕਿ ਅਮਰੀਕੀ ਫੈੱਡ ਰਿਜ਼ਰਵ ਸਾਲ ਵਿਚ 5 ਜਾਂ 6 ਵਾਰ ਵਿਆਜ ਦਰਾਂ ਵਿਚ ਕਟੌਤੀ ਕਰੇਗਾ ਪਰ ਇਸ ਦੇ ਤਾਜ਼ਾ ਸਟੈਂਡ ਤੋਂ ਬਾਅਦ ਹੁਣ ਬਾਜ਼ਾਰਾਂ ਵਿਚ ਪ੍ਰੋਫਿਟ ਬੁਕਿੰਗ ਦਾ ਦੌਰ ਸ਼ੁਰੂ ਹੋ ਸਕਦਾ ਹੈ। ਇਸ ਤੋਂ ਪਹਿਲਾਂ ਦਸੰਬਰ ਵਿਚ ਫੈੱਡ ਰਿਜ਼ਰਵ ਨੇ ਪਾਲਿਸੀ ਮੀਟਿੰਗ ਦੌਰਾਨ ਵਿਆਜ ਦਰਾਂ ਨੂੰ 5.25 ਤੋਂ ਲੈ ਕੇ 5.50 ਦਰਮਿਆਨ ਸਥਿਰ ਰੱਖਦੇ ਹੋਏ 2024 ਵਿਚ ਕਟੌਤੀ ਦਾ ਸੰਕੇਤ ਦਿੱਤਾ ਸੀ। ਗਲੋਬਲ ਬਾਜ਼ਾਰਾਂ ਵਿਚ ਗਿਰਾਵਟ ਨਾਲ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬ ਗਏ। ਭਾਰਤੀ ਬਾਜ਼ਾਰਾਂ ’ਤੇ ਵੀ ਇਸ ਦਾ ਅਸਰ ਦਿਖਾਈ ਦਿੱਤਾ। ਇਸ ਗਿਰਾਵਟ ਨਾਲ ਸ਼ੇਅਰ ਬਾਜ਼ਾਰ ਢਹਿ-ਢੇਰੀ ਹੋ ਗਏ ਅਤੇ ਵੱਡੀ ਗਿਰਾਵਟ ਨਾਲ ਬੰਦ ਹੋਏ।
ਇਹ ਵੀ ਪੜ੍ਹੋ : 5G ਯੂਜ਼ਰਜ਼ ਨੂੰ Airtel ਅਤੇ Jio ਦਾ ਵੱਡਾ ਝਟਕਾ, ਇਸ ਮਹੀਨੇ ਤੋਂ ਨਹੀਂ ਮਿਲੇਗਾ ਅਣਲਿਮਟਿਡ ਡਾਟਾ!
ਭਾਰਤੀ ਬਾਜ਼ਾਰਾਂ ’ਚ ਗਿਰਾਵਟ ਦੇ 5 ਵੱਡੇ ਕਾਰਨ
1. ਅਮਰੀਕੀ ਫੈੱਡ ਰਿਜ਼ਰਵ ਵਲੋਂ ਵਿਆਜ ਦਰਾਂ ਵਿਚ ਕਟੌਤੀ ’ਚ ਦੇਰੀ ਦੇ ਸੰਕੇਤ।
2. ਅਮਰੀਕਾ ਵਿਚ 10 ਸਾਲ ਦੀ ਬਾਂਡ ਯੀਲਡ 4 ਫੀਸਦੀ ਤੋਂ ਜ਼ਿਆਦਾ ਪੁੱਜੀ ਅਤੇ ਡਾਲਰ ਇੰਡੈਕਸ ਮਹੀਨੇ ਦੇ ਉੱਪਰਲੇ ਪੱਧਰ ’ਤੇ ਪੁੱਜ ਗਿਆ।
3. ਗਲੋਬਲ ਪੱਧਰ ’ਤੇ ਅਮਰੀਕਾ ਅਤੇ ਯੂਰਪ ਦੇ ਬਾਜ਼ਾਰਾਂ ਵਿਚ ਗਿਰਾਵਟ ਦਾ ਅਸਰ ਭਾਰਤ ਵਿਚ ਦੇਖਣ ਨੂੰ ਮਿਲਿਆ।
4. ਐੱਚ. ਡੀ. ਐੱਫ. ਸੀ. ਬੈਂਕ ਦੇ ਨਤੀਜੇ ਨਿਵੇਸ਼ਕਾਂ ਦੀ ਉਮੀਦ ਮੁਤਾਬਕ ਨਹੀਂ ਰਹੇ।
5. ਆਈ. ਟੀ. ਸੈਕਟਰ ਨੂੰ ਛੱਡ ਕੇ ਨਿਫਟੀ ਦੇ ਕਈ ਇੰਡੈਕਸ ਤੇਜ਼ੀ ਨਾਲ ਹੇਠਾਂ ਡਿੱਗੇ।
ਉਮੀਦ ਨਾਲੋਂ ਘੱਟ ਚੀਨ ਦੀ ਜੀ. ਡੀ. ਪੀ. ਨੇ ਬਾਜ਼ਾਰ ਨੂੰ ਕੀਤਾ ਨਿਰਾਸ਼
ਚੀਨ ਵਿਚ ਚੌਥੀ ਤਿਮਾਹੀ ਦੇ ਜੀ. ਡੀ. ਪੀ. ਅੰਕੜੇ ਉਮੀਦ ਮੁਤਾਬਕ ਨਹੀਂ ਰਹੇ। ਇਸ ਦਾ ਵੀ ਏਸ਼ੀਆਈ ਬਾਜ਼ਾਰਾਂ ’ਚ ਅਸਰ ਦੇਖਣ ਨੂੰ ਮਿਲਿਆ ਅਤੇ ਸ਼ੰਘਾਈ ਕੰਪੋਜ਼ਿਟ 2 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਦਰਅਸਲ ਵਿਸ਼ਲੇਸ਼ਕ ਉਮੀਦ ਕਰ ਰਹੇ ਸਨ ਕਿ ਚੀਨ ਦੀ ਆਖਰੀ ਤਿਮਾਹੀ ਦੀ ਜੀ. ਡੀ. ਪੀ. 5.3 ਫੀਸਦੀ ਰਹੇਗੀ ਪਰ ਇਹ ਉਮੀਦ ਤੋਂ ਘੱਟ 5.2 ਫੀਸਦੀ ਰਹੀ। ਚੀਨ ਦੀ ਪੂਰੇ ਸਾਲ ਦੀ ਜੀ. ਡੀ. ਪੀ. ਵੀ 5.2 ਫੀਸਦੀ ਹੀ ਰਹੀ ਹੈ। ਚੀਨ ਵਿਚ ਦਸੰਬਰ ਤਿਮਾਹੀ ਦੌਰਾਨ ਰਿਟੇਲ ਸੇਲ ਦੀ ਗ੍ਰੋਥ 7.4 ਫੀਸਦੀ ਰਹੀ। ਇਹ ਵੀ ਵਿਸ਼ਲੇਸ਼ਕਾਂ ਦੀ ਉਮੀਦ ਨਾਲੋਂ ਘੱਟ ਹੈ। ਵਿਸ਼ਲੇਸ਼ਕ ਇਸ ਵਿਚ 8 ਫੀਸਦੀ ਵਾਧੇ ਦੀ ਉਮੀਦ ਕਰ ਰਹੇ ਸਨ। ਇਸ ਦਰਮਿਆਨ ਚੀਨ ਦੇ 70 ਵੱਡੇ ਸ਼ਹਿਰਾਂ ਵਿਚ 0.4 ਫੀਸਦੀ ਦੀ ਗਿਰਾਵਟ ਆਈ ਹੈ।
ਗਲੋਬਲ ਬਾਜ਼ਾਰਾਂ ’ਤੇ ਅਸਰ
ਯੂਰਪੀ ਬਾਜ਼ਾਰ
ਐੱਫ. ਟੀ. ਐੱਸ. ਈ. -1.65
ਡੀ. ਏ. ਐਕਸ -0.92
ਸੀ. ਏ. ਸੀ. -1.05
ਏਸ਼ੀਆਈ ਬਾਜ਼ਾਰ
ਨਿੱਕੇਈ225 -0.40
ਸਟ੍ਰੇਸ ਟਾਈਮਸ -1.36
ਸ਼ੰਘਾਈ ਕੰਪੋਜ਼ਿਟ -2.13
ਅਮਰੀਕੀ ਬਾਜ਼ਾਰ
ਡਾਓ ਜੋਨਸ -0.30
ਐੱਸ. ਐਂਡ ਪੀ. -0.37
ਨੈਸਡੈਕ -0.19
ਸ਼ੇਅਰ ’ਚ ਆਈ ਤੇਜ਼ੀ ਨਾਲ ਐੱਲ. ਆਈ. ਸੀ. ਬਣੀ ਪੈਸਿਆਂ ਦੇ ਮਾਮਲੇ ਵਿਚ ਸਭ ਤੋਂ ਵੱਡੀ ਸਰਕਾਰੀ ਕੰਪਨੀ, ਐੱਸ. ਬੀ. ਆਈ. ਨੂੰ ਛੱਡਿਆ ਪਿੱਛੇ
ਬਾਜ਼ਾਰ ’ਚ ਜ਼ਬਰਦਸਤ ਗਿਰਾਵਟ ਦਰਮਿਆਨ ਵੀ ਬੁੱਧਵਾਰ ਨੂੰ ਐੱਲ. ਆਈ. ਸੀ. ਦੇ ਸ਼ੇਅਰ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ। ਸ਼ੁਰੂਆਤੀ ਕਾਰੋਬਾਰ ਵਿਚ ਇਹ ਕਰੀਬ 2 ਫੀਸਦੀ ਦੇ ਉਛਾਲ ਨਾਲ 919.45 ਰੁਪਏ ’ਤੇ ਟਰੇਡ ਕਰਦਾ ਨਜ਼ਰ ਆਇਆ। ਇਹ ਐੱਲ. ਆਈ. ਸੀ. ਦੇ ਸ਼ੇਅਰ ਦਾ ਤਾਜ਼ਾ 52 ਹਫਤਿਆਂ ਦਾ ਉੱਚ ਪੱਧਰ ਹੈ। ਸ਼ੇਅਰ ਵਿਚ ਪਿਛਲੇ ਕੁੱਝ ਸਮੇਂ ਤੋਂ ਆ ਰਹੀ ਤੇਜ਼ੀ ਕਾਰਨ ਐੱਲ. ਆਈ. ਸੀ. ਦਾ ਬਾਜ਼ਾਰ ਪੂੰਜੀਕਰਨ 5.8 ਲੱਖ ਕਰੋੜ ਰੁਪਏ ਤੋਂ ਪਾਰ ਪੁੱਜ ਗਿਆ ਹੈ। ਇਸ ਤਰ੍ਹਾਂ ਐੱਲ. ਆਈ. ਸੀ. ਦਾ ਮਾਰਕੀਟ ਕੈਪ ਐੱਸ. ਬੀ. ਆਈ. ਦੇ ਮਾਰਕੀਟ ਕੈਪ ਨੂੰ ਵੀ ਪਾਰ ਕਰ ਗਿਆ ਹੈ।
ਬੁੱਧਵਾਰ ਨੂੰ ਐੱਸ. ਬੀ. ਆਈ. ਦੇ ਸ਼ੇਅਰ 1.64 ਫੀਸਦੀ ਡਿੱਗ ਗਿਆ। ਇਸ ਗਿਰਾਵਟ ਕਾਰਨ ਐੱਸ. ਬੀ. ਆਈ. ਦਾ ਮਾਰਕੀਟ ਕੈਪ ਡਿੱਗ ਕੇ 5.61 ਲੱਖ ਕਰੋੜ ਰੁਪਏ ’ਤੇ ਪੁੱਜ ਗਿਆ। ਇਸ ਤਰ੍ਹਾਂ ਐੱਸ. ਬੀ. ਆਈ. ਨੂੰ ਪਿੱਛੇ ਛੱਡ ਕੇ ਐੱਲ. ਆਈ. ਸੀ. ਸ਼ੇਅਰ ਬਾਜ਼ਾਰ ਦੀ ਸਭ ਤੋਂ ਵੱਧ ਮਾਰਕੀਟ ਕੈਪ ਵਾਲੀ ਸਰਕਾਰੀ ਕੰਪਨੀ ਬਣ ਗਈ।
ਜੂਨ 2022 ਤੋਂ ਬਾਅਦ ਬਾਜ਼ਾਰ ਵਿਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ
ਇਕਵਿਟੀ ਬੈਂਚਮਾਰਕ ਨਿਫਟੀ-50 ਅਤੇ ਸੈਂਸੈਕਸ ਵਿਚ ਜੂਨ 2022 ਤੋਂ ਬਾਅਦ ਬੁੱਧਵਾਰ ਨੂੰ ਬਾਜ਼ਾਰ ਵਿਚ ਇਕ ਦਿਨ ’ਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਬੈਂਚਮਾਰਕ ਇੰਡੈਕਸ ਦੀ ਤੁਲਨਾ ਵਿਚ ਮਿਡ ਅਤੇ ਸਮਾਲ ਕੈਪ ਵਿਚ ਘੱਟ ਗਿਰਾਵਟ
ਮਿਡ ਅਤੇ ਸਮਾਲ ਕੈਪ ਇੰਡੈਕਸ ’ਚ ਵੀ ਗਿਰਾਵਟ ਆਈ ਹੈ ਪਰ ਬੈਂਚਮਾਰਕ ਇੰਡੈਕਸ ਦੀ ਤੁਲਨਾ ਵਿਚ ਉਨ੍ਹਾਂ ਦੀ ਗਿਰਾਵਟ ਘੱਟ ਰਹੀ। ਬੀ.ਐੱਸ. ਈ. ਮਿਡਕੈਪ ਇੰਡੈਕਸ 1.09 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਜਦ ਕਿ ਬੀ. ਐੱਸ. ਈ. ਸਮਾਲਕੈਪ ਇੰਡੈਕਸ 0.90 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ।
ਸੈਂਸੈਕਸ ਦੀਆਂ ਸਿਰਫ 6 ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ ’ਚ
ਦੂਜੇ ਪਾਸੇ ਸੈਂਸੈਕਸ ਦੀਆਂ 6 ਕੰਪਨੀਆਂ ਦੇ ਸ਼ੇਅਰ ਹੀ ਹਰੇ ਨਿਸ਼ਾਨ ’ਚ ਹਨ। ਸਿਰਫ ਐੱਚ. ਸੀ. ਐੱਲ. ਟੈੱਕ, ਇੰਫੋਸਿਸ, ਟੀ. ਸੀ. ਐੱਸ., ਟੈੱਕ ਮਹਿੰਦਰਾ ਅਤੇ ਨੈਸਲੇ ਇੰਡੀਆ ਹੀ ਬੜ੍ਹਤ ’ਚ ਟਰੇਡ ’ਚ ਰਹੇ ਜਦ ਕਿ ਪਾਵਰ ਗ੍ਰਿਡ ਦੇ ਸ਼ੇਅਰ ਬਿਨਾਂ ਕਿਸੇ ਘੱਟ-ਵੱਧ ਤੋਂ ਬੰਦ ਹੋਇਆ।
ਇਹ ਵੀ ਪੜ੍ਹੋ : Indigo ਫਲਾਈਟ 'ਚ ਹੋਈ ਘਟਨਾ ਨੂੰ ਲੈ ਕੇ ਰੂਸੀ ਮਾਡਲ ਦਾ ਬਿਆਨ ਆਇਆ ਸਾਹਮਣੇ, ਜਾਰੀ ਕੀਤੀ Video
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8