ਜਲਦ ਹੀ ਸਿੱਧੇ ਗੋਦਾਮ ਤੋਂ ਫਸਲ ਵੇਚ ਸਕਣਗੇ ਕਿਸਾਨ

06/29/2019 9:22:51 PM

ਨਵੀਂ ਦਿੱਲੀ— ਕਿਸਾਨਾਂ ਦੀ ਕਮਾਈ ਵਧਾਉਣ ਲਈ ਕੇਂਦਰ ਸਰਕਾਰ ਆਪਣੇ ਆਨਲਾਈਨ ਪਲੇਟਫਾਰਮ ਨੈਸ਼ਨਲ ਐਗਰੀਕਲਚਰ ਮਾਰਕੀਟ (ਈ-ਨਾਮ) ਦੇ ਵਿਸਤਾਰ ’ਤੇ ਵਿਚਾਰ ਕਰ ਰਹੀ ਹੈ। ਇਸ ਵਿਸਤਾਰ ਤੋਂ ਬਾਅਦ ਕਿਸਾਨਾਂ ਨੂੰ ਸਿੱਧੇ ਗੋਦਾਮ-ਵੇਅਰਹਾਊਸ ਤੋਂ ਆਪਣੇ ਉਤਪਾਦਾਂ ਨੂੰ ਵੇਚਣ ਦਾ ਬਦਲ ਮਿਲੇਗਾ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦੀ ਵਧੀਆ ਕੀਮਤ ਮਿਲ ਸਕੇਗੀ।

ਖੇਤੀਬਾੜੀ ਮੰਤਰਾਲਾ ਦੇ ਇਕ ਅਧਿਕਾਰੀ ਅਨੁਸਾਰ ਇਸ ਪਲੇਟਫਾਰਮ ਦੇ ਵਿਸਤਾਰ ਤੋਂ ਬਾਅਦ ਕਿਸਾਨ ਸਿੱਧੇ ਗੋਦਾਮ ਤੋਂ ਆਪਣੀ ਫਸਲ ਵੇਚ ਸਕਣਗੇ ਅਤੇ ਵਿਚੋਲਿਆਂ ਦੀ ਛੁੱਟੀ ਹੋ ਜਾਵੇਗੀ। ਨਾਲ ਹੀ ਇਹ ਸਰਕਾਰ ਦੇ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦੇ ਟੀਚੇ ਨੂੰ ਹਾਸਲ ਕਰਨ ’ਚ ਵੀ ਮਦਦ ਕਰੇਗਾ। ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਜਲਦ ਹੀ ਕਿਸਾਨਾਂ ਲਈ ਸੂਬਿਆਂ ਦੇ ਅੰਦਰ ਅਤੇ ਸੂਬਿਆਂ ਤੋਂ ਬਾਹਰ ਖੇਤੀਬਾੜੀ ਉਤਪਾਦ ਵੇਚਣ ਲਈ ਦੀ ਸੁਵਿਧਾ ਇਸ ਪਲੇਟਫਾਰਮ ’ਤੇ ਲਾਂਚ ਕਰਾਂਗੇ। ਅਧਿਕਾਰੀ ਦਾ ਕਹਿਣਾ ਹੈ ਕਿ ਪਲੇਟਫਾਰਮ ਤਿਆਰ ਹੈ ਬੱਸ ਲਾਂਚਿੰਗ ਬਾਕੀ ਹੈ। ਦੇਸ਼ ’ਚ ਇਸ ਸਮੇਂ ਕਰੀਬ 1000 ਸਰਕਾਰੀ ਵੇਅਰਹਾਊਸ ਹਨ।

ਗੋਦਾਮ ਅਤੇ ਵੇਅਰਹਾਊਸ ਬਣਨਗੇ ਬਾਜ਼ਾਰ

ਅਧਿਕਾਰੀ ਅਨੁਸਾਰ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ (ਏ. ਪੀ. ਐੱਮ. ਸੀ.) ਐਕਟ 2017 ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਅਸਲੀ ਕੀਮਤ ਦਿਵਾਉਣ ਲਈ ਗੋਦਾਮ ਅਤੇ ਵੇਅਰਹਾਊਸ ਨੂੰ ਬਾਜ਼ਾਰ ਦੇ ਰੂਪ ’ਚ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਨਾਲ ਬਾਜ਼ਾਰ ਕਿਸਾਨਾਂ ਦੇ ਨਜ਼ਦੀਕ ਆਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਉਤਪਾਦਨ ’ਤੇ ਕ੍ਰੈਡਿਟ ਸਹੂਲਤ ਵੀ ਮਿਲਦੀ ਹੈ। ਅਜੇ ਆਂਧਰਾ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਉੱਤਰ-ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਵਰਗੇ ਸੂਬੇ ਇਸ ਐਕਟ ਤਹਿਤ ਆਪਣੇ ਗੋਦਾਮਾਂ ਅਤੇ ਵੇਅਰਹਾਊਸ ਨੂੰ ਬਾਜ਼ਾਰ ਦੇ ਰੂਪ ’ਚ ਵਰਤੋਂ ਕਰ ਕੇ ਕਿਸਾਨਾਂ ਨੂੰ ਸਿੱਧੇ ਫਸਲ ਦੀ ਵਿਕਰੀ ਦੀ ਸਹੂਲਤ ਉਪਲੱਬਧ ਕਰਵਾ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਜਲਦ ਹੀ ਕਈ ਹੋਰ ਸੂਬੇ ਇਸ ਪ੍ਰਕਿਰਿਅਾ ਨੂੰ ਆਪਣਾ ਸਕਦੇ ਹਨ।

2016 ’ਚ ਲਾਂਚ ਹੋਇਆ ਸੀ ਈ-ਨਾਮ ਪੋਰਟਲ

ਕਿਸਾਨਾਂ ਲਈ 2016 ’ਚ ਲਾਂਚ ਹੋਇਆ ਆਨਲਾਈਨ ਪੋਰਟਲ ਈ-ਨਾਮ ਇਸ ਸਮੇਂ 150 ਤੋਂ ਜ਼ਿਆਦਾ ਖੇਤੀਬਾੜੀ ਉਤਪਾਦਾਂ ਦੀ ਟਰੇਡਿੰਗ ਦੀ ਸਹੂਲਤ ਦੇ ਰਿਹਾ ਹੈ। ਇਹ ਟਰੇਡਿੰਗ ਆਨਲਾਈਨ ਬਿਡਿੰਗ ਰਾਹੀਂ ਹੁੰਦੀ ਹੈ। ਇਸ ਪੋਰਟਲ ਜ਼ਰੀਏ 16 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 585 ਤੋਂ ਜ਼ਿਆਦਾ ਥੋਕ ਬਾਜ਼ਾਰ ’ਚ ਟਰੇਡਿੰਗ ਕੀਤੀ ਜਾ ਸਕਦੀ ਹੈ। ਇਸ ਯੂਨੀਫਾਈਡ ਆਨਲਾਈਨ ਟਰੇਡਿੰਗ ਪਲੇਟਫਾਰਮ ’ਤੇ ਦੇਸ਼ਭਰ ਦੇ 1.64 ਕਰੋਡ਼ ਤੋਂ ਜ਼ਿਆਦਾ ਕਿਸਾਨ ਅਤੇ 1 ਲੱਖ 20 ਹਜ਼ਾਰ ਤੋਂ ਜ਼ਿਆਦਾ ਵਪਾਰੀ ਰਜਿਸਟਰਡ ਹਨ।


Inder Prajapati

Content Editor

Related News