ਵਸਤਾਂ ਦੀ ਬਰਾਮਦ 14 ਮਾਰਚ ਤੱਕ 390 ਅਰਬ ਡਾਲਰ ਹੋਈ : ਗੋਇਲ
Saturday, Mar 19, 2022 - 10:56 AM (IST)
ਨਵੀਂ ਦਿੱਲੀ (ਭਾਸ਼ਾ) – ਦੇਸ਼ ਦੀ ਵਸਤਾਂ ਦੀ ਬਰਾਮਦ ਚਾਲੂ ਵਿੱਤੀ ਸਾਲ ’ਚ 14 ਮਾਰਚ ਤੱਕ 390 ਅਰਬ ਡਾਲਰ ਦੇ ਅੰਕੜੇ ’ਤੇ ਪਹੁੰਚ ਗਈ ਹੈ। ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ 2021-22 ’ਚ 400 ਅਰਬ ਡਾਲਰ ਦੇ ਬਰਾਮਦ ਟੀਚੇ ਨੂੰ ਪਾਰ ਕਰ ਜਾਵਾਂਗੇ।
ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਆਟੋ ਪਾਰਟਸ ਉਦਯੋਗ ਨੇ 60 ਕਰੋੜ ਡਾਲਰ ਦਾ ਵਪਾਰ ਸਰਪਲੱਸ ਹਾਸਲ ਕੀਤਾ ਹੈ। ਮੰਤਰੀ ਨੇ ਵਾਹਨ ਕੰਪਨੀਆਂ ਨੂੰ ਸਥਾਨਕ ਉਤਪਾਦਨ ਖਰੀਦਣ ਦਾ ਸੱਦਾ ਦਿੱਤਾ। ਗੋਇਲ ਨੇ ਬੁੱਧਵਾਰ ਨੂੰ ਆਟੋ ਪਾਰਟਸ ਉਦਯੋਗ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਹੁਣ ਬੰਦ ਅਤੇ ਸੁਰੱਖਿਆਵਾਦੀ ਰੁਖ ਨਹੀਂ ਅਪਣਾ ਸਕਦਾ। ਸਾਨੂੰ ਘਰੇਲੂ ਬਾਜ਼ਾਰਾਂ ਨੂੰ ਖੋਲ੍ਹਣ ਦੀ ਲੋੜ ਹੈ। ਉਨ੍ਹਾਂ ਨੇ ਵਾਹਨ ਉਦਯੋਗ ਨੂੰ ਖੋਜ ਅਤੇ ਵਿਕਾਸ ’ਚ ਆਪਣਾ ਨਿਵੇਸ਼ ਵਧਾਉਣ ਨੂੰ ਕਿਹਾ। ਗੋਇਲ ਨੇ ਵਾਹਨ ਉਦਯੋਗ ਨੂੰ ਕਿਹਾ ਕਿ ਉਹ ਵਿਸ਼ੇਸ਼ ਤੌਰ ’ਤੇ ਈ-ਮੋਬਿਲਿਟੀ ਖੇਤਰ ’ਚ ਨਿਵੇਸ਼ ਵਧਾਉਣ। ਵਪਾਰ ਮੰਤਰਾਲਾ ਨੇ ਵੀਰਵਾਰ ਨੂੰ ਮੰਤਰੀ ਦੇ ਹਵਾਲੇ ਤੋਂ ਕਿਹਾ ਕਿ ਭਾਰਤ ਦੀਆਂ ਵਸਤਾਂ ਦੀ ਬਰਾਮਦ 14 ਮਾਰਚ ਤੱਕ 390 ਅਰਬ ਡਾਲਰ ’ਤੇ ਪਹੁੰਚ ਗਈ ਹੈ। ਅਸੀਂ ਨਿਸ਼ਚਿਤ ਤੌਰ ’ਤੇ ਚਾਲੂ ਵਿੱਤੀ ਸਾਲ ’ਚ 400 ਅਰਬ ਡਾਲਰ ਦਾ ਟੀਚਾ ਪਾਰ ਕਰਾਂਗੇ।