ਐਕਸਪੋਰਟ ਛੋਟ ''ਤੇ 28 ਕੰਪਨੀਆਂ ਜਾਂਚ ਦੇ ਘੇਰੇ ''ਚ
Wednesday, Jun 13, 2018 - 05:25 AM (IST)

ਮੁੰਬਈ-ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ 28 ਕੰਪਨੀਆਂ ਦੀ ਜਾਂਚ ਸ਼ੁਰੂ ਕੀਤੀ ਹੈ, ਜਿਨ੍ਹਾਂ ਨੇ ਗਲਤ ਤਰੀਕੇ ਨਾਲ ਸਰਵਿਸਿਜ਼ ਐਕਸਪੋਰਟ ਲਾਭ ਲਏ ਹਨ। ਡੀ. ਆਰ. ਆਈ. ਨੇ ਦੱਸਿਆ ਕਿ ਉਸ ਨੇ ਇਨ੍ਹਾਂ ਕੰਪਨੀਆਂ ਨੂੰ ਨੋਟਿਸ ਭੇਜੇ ਹਨ। ਇਨ੍ਹਾਂ 'ਚ ਨਿਊਯਾਰਕ ਸਟਾਕ ਐਕਸਚੇਂਜ 'ਤੇ ਸੂਚੀਬੱਧ ਇਕ ਦਵਾਈ ਕੰਪਨੀ ਵੀ ਸ਼ਾਮਲ ਹੈ, ਜੋ ਲਾਈਵ ਸਟਾਕ ਤੇ ਪੇਂਟਸ ਸੈਗਮੈਂਟ 'ਤੇ ਫੋਕਸ ਕਰਦੀ ਹੈ ਅਤੇ ਭਾਰਤ 'ਚ ਇਸ ਕੰਪਨੀ ਦਾ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਵੀ ਹੈ। ਇਨ੍ਹਾਂ 'ਚ ਇਕ ਆਈ. ਟੀ. ਪ੍ਰੋਡਕਟ ਕੰਪਨੀ ਤੇ ਕੁਝ ਫਾਈਵ ਸਟਾਰ ਹੋਟਲ ਵੀ ਸ਼ਾਮਲ ਹਨ।
ਡੀ. ਆਰ. ਆਈ. ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਅਜਿਹੇ ਐਕਸਪੋਰਟ ਲਾਭ (ਖਾਸ ਤੌਰ 'ਤੇ ਟੈਕਸ ਛੋਟ) ਲਏ ਜੋ ਉਨ੍ਹਾਂ ਕੰਪਨੀਆਂ ਲਈ ਤੈਅ ਸਨ, ਜੋ ਭਾਰਤੀ ਬਰਾਂਡਸ ਦੀ ਵਿਦੇਸ਼ 'ਚ ਪ੍ਰਮੋਸ਼ਨ ਕਰਦੀਆਂ ਹਨ। ਉਸ ਕਿਹਾ ਹੈ ਕਿ ਇਨ੍ਹਾਂ ਕੰਪਨੀਆਂ ਨੂੰ ਇਹ ਪੈਸਾ ਵਾਪਸ ਕਰਨਾ ਹੋਵੇਗਾ। ਡੀ. ਆਰ. ਆਈ. ਨੇ ਅਧਿਕਾਰੀਆਂ ਨੂੰ 28 ਮਈ ਦੇ ਨੋਟੀਫਿਕੇਸ਼ਨ 'ਚ ਇਸ ਦੇ ਲਈ ਪ੍ਰਕਿਰਿਆ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਸੀ।
ਇਸ ਦਾ ਮਤਲੱਬ ਇਹ ਹੈ ਕਿ ਕੰਪਨੀਆਂ ਨੂੰ ਜਾਂ ਤਾਂ ਪੈਸਾ ਮੋੜਨਾ ਹੋਵੇਗਾ ਜਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣਾ ਹੋਵੇਗਾ। ਇਹ ਪਤਾ ਨਹੀਂ ਲੱਗਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਕਿੰਨੀ ਰਕਮ ਦੇ ਲਾਭ ਹਾਸਲ ਕੀਤੇ ਹਨ।