5ਜੀ ਟ੍ਰਾਇਲ ਲਈ ਏਅਰਟੈੱਲ ਨਾਲ ਐਰਿਕਸਨ ਨੇ ਕੀਤਾ ਸਮਝੌਤਾ

11/18/2017 8:44:40 AM

ਨਵੀਂ ਦਿੱਲੀ— ਭਾਰਤੀ ਕੰਪਨੀਆਂ 5ਜੀ ਤਕਨੀਕ ਲਈ ਤਿਆਰ ਹੋ ਰਹੀਆਂ ਹਨ। ਇਸ ਵਿਚਕਾਰ ਐਰਿਕਸਨ ਨੇ ਕਿਹਾ ਹੈ ਕਿ ਉਸ ਨੇ 5ਜੀ ਦੇ ਟ੍ਰਾਇਲ ਲਈ ਭਾਰਤੀ ਏਅਰਟੈੱਲ ਨਾਲ ਸਮਝੌਤਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਸਾਲ 2020 ਤਕ 5ਜੀ ਨੈੱਟਵਰਕ ਚਾਲੂ ਕਰਨ ਦੇ ਸਰਕਾਰ ਦੇ ਮਕਸਦ ਨੂੰ ਉਹ ਸਮਰਥਨ ਦੇਣਾ ਚਾਹੁੰਦੀ ਹੈ, ਲਿਹਾਜਾ ਉਹ ਭਾਰਤ 'ਚ ਨਵੀਂ ਤਕਨੀਕ ਲਿਆਉਣ ਲਈ ਵਚਨਬੱਧ ਹੈ। ਏਅਰਟੈੱਲ ਦੇ ਇਲਾਵਾ ਕੰਪਨੀ ਨੇ 5ਜੀ ਟ੍ਰਾਇਲ ਲਈ ਦੁਨੀਆ ਭਰ ਦੀਆਂ 36 ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਐਰਿਕਸਨ ਦੇ ਉੱਚ ਅਧਿਕਾਰੀ ਐੱਨ. ਮਿਟਰੀਲੋ ਨੇ ਕਿਹਾ ਕਿ ਅਸੀਂ ਕੌਮਾਂਤਰੀ ਪੱਧਰ 'ਤੇ 36 ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਭਾਰਤ 'ਚ ਅਸੀਂ ਹਾਲ ਹੀ 'ਚ 5ਜੀ ਤਕਨੀਕ ਲਈ ਭਾਰਤੀ ਏਅਰਟੈੱਲ ਨਾਲ ਸਮਝੌਤਾ ਕੀਤਾ ਹੈ। ਐਰਿਕਸਨ ਨੇ ਹਾਲਾਂਕਿ ਸਾਂਝੇਦਾਰੀ ਦੀ ਵਿਸਥਾਰ ਜਾਣਕਾਰੀ ਅਤੇ ਇਸ ਤਕਨੀਕ 'ਤੇ ਪਾਇਲਟ ਪ੍ਰਾਜੈਕਟ ਕਦੋਂ ਸ਼ੁਰੂ ਹੋਵੇਗਾ ਆਦਿ ਦੀ ਜਾਣਕਾਰੀ ਨਹੀਂ ਦਿੱਤੀ।
ਏਅਰਟੈੱਲ ਨਾਲ ਗਠਜੋੜ ਤਹਿਤ ਐਰਿਕਸਨ ਸੁਨੀਲ ਭਾਰਤੀ ਮਿੱਤਲ ਦੀ ਅਗਵਾਈ ਵਾਲੀ ਦੂਰਸੰਚਾਰ ਕੰਪਨੀ ਨਾਲ 5ਜੀ ਤਕਨੀਕ ਵਿਕਸਤ ਕਰਨ ਦਾ ਵਿਸਥਾਰ ਖਾਕਾ ਤਿਆਰ ਕਰੇਗੀ। ਏਅਰਟੈੱਲ ਪਹਿਲਾਂ ਹੀ ਫਿਨਲੈਂਡ ਦੀ ਨੋਕੀਆ ਨਾਲ 5ਜੀ 'ਤੇ ਕੰਮ ਕਰਨ ਲਈ ਸਾਂਝੇਦਾਰੀ ਕਰ ਚੁੱਕਾ ਹੈ।


Related News