ਮੈਜਿਸਟ੍ਰੇਟ ਨੇ ਜਬਰ-ਜ਼ਿਨਾਹ ਪੀੜਤਾ ਨੂੰ ਜ਼ਖ਼ਮ ਵਿਖਾਉਣ ਲਈ ਕੱਪੜੇ ਉਤਾਰਨ ਲਈ ਕਿਹਾ, ਪੁਲਸ ਨੇ ਕੇਸ ਕੀਤਾ ਦਰਜ
Wednesday, Apr 03, 2024 - 05:58 PM (IST)
ਨਵੀਂ ਦਿੱਲੀ- ਰਾਜਸਥਾਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਮੈਜਿਸਟ੍ਰੇਟ ਨੇ ਅਨੁਸੂਚਿਤ ਜਾਤੀ ਦੀ ਜਬਰ-ਜ਼ਿਨਾਹ ਪੀੜਤਾ ਨੂੰ ਕੱਪੜੇ ਉਤਰਵਾ ਕੇ ਆਪਣੇ ਜ਼ਖ਼ਮ ਵਿਖਾਉਣ ਲਈ ਕਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਪੁਲਸ ਨੇ ਦੋਸ਼ੀ ਮੈਜਿਸਟ੍ਰੇਟ ਖਿਲਾਫ਼ ਮਾਮਲਾ ਦਰਜ ਕਰ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਮੈਜਿਸਟ੍ਰੇਟ ਕਰੌਲੀ ਜ਼ਿਲ੍ਹੇ ਦਾ ਹੈ।
ਡਿਪਟੀ ਐੱਸ. ਪੀ. ਮੀਨਾ ਨੇ ਕਿਹਾ ਕਿ ਪੀੜਤਾ ਨੇ 30 ਮਾਰਚ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਕੋਰਟ ਦੇ ਮੈਜਿਸਟ੍ਰੇਟ ਨੇ ਉਸ ਦੀਆਂ ਸੱਟਾਂ ਨੂੰ ਵੇਖਣ ਲਈ ਉਸ ਨੂੰ ਕੱਪੜੇ ਉਤਾਰਨ ਨੂੰ ਕਿਹਾ। ਮੀਨਾ ਨੇ ਕਿਹਾ ਕਿ ਪੀੜਤਾ ਨੇ ਕੱਪੜੇ ਉਤਾਰਨ ਤੋਂ ਇਨਕਾਰ ਕਰ ਦਿੱਤਾ ਅਤੇ 30 ਮਾਰਚ ਨੂੰ ਕੋਰਟ ਵਿਚ ਬਿਆਨ ਦਰਜ ਕਰਾਉਣ ਮਗਰੋਂ ਮੈਜਿਸਟ੍ਰੇਟ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਮੈਜਿਸਟ੍ਰੇਟ 'ਤੇ IPC ਦੀ ਧਾਰਾ 345 (ਝੂਠੀ ਕੈਦ) ਅਤੇ SC/ST (ਅੱਤਿਆਚਾਰ ਰੋਕੂ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਪੀੜਤਾ ਨਾਲ 19 ਮਾਰਚ ਨੂੰ ਜਬਰ-ਜ਼ਿਨਾਹ ਕੀਤਾ ਗਿਆ ਸੀ ਅਤੇ 27 ਮਾਰਚ ਨੂੰ ਹਿੰਡੌਨ ਸਦਰ ਪੁਲਸ ਸਟੇਸ਼ਨ 'ਚ ਇਸ ਮਾਮਲੇ ਦੀ FIR ਦਰਜ ਕਰਵਾਈ ਗਈ ਸੀ।