EPFO ਨੇ ਸ਼ੁਰੂ ਕੀਤੀ ਇਹ ਯੋਜਨਾ, ਹੁਣ ਦੇਸ਼ 'ਚੋਂ ਕਿਤੋ ਵੀ ਕੱਢਵਾ ਸਕੋਗੇ ਪੈਸੇ

6/16/2020 2:52:13 PM

ਨਵੀਂ ਦਿੱਲੀ : ਰਿਟਾਇਰਮੈਂਟ ਫੰਡ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ ਕਰਮਚਾਰੀ ਭਵਿੱਖ ਨਿਧੀ ਸੰਗਠਨ (Employees Provident Fund Organisation ਯਾਨੀ EPFO) ਨੇ ਵੱਖ-ਵੱਖ ਦਾਅਵਿਆਂ ਦੇ ਤੇਜ਼ ਨਿਪਟਾਰੇ ਲਈ ਮਲਟੀ-ਲੋਕੇਸ਼ਨ ਕਲੇਮ ਸੈਟਲਮੈਂਟ ਸੁਵਿਧਾ ਸ਼ੁਰੂ ਕੀਤੀ ਹੈ।  ਕਿਰਤ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਨਵੀਂ ਵਿਵਸਥਾ ਦੇ ਤਹਿਤ ਦਾਅਵਿਆਂ ਦੇ ਨਿਪਟਾਰੇ ਲਈ ਭੂਗੋਲਿਕ ਅਧਿਕਾਰ ਖੇਤਰ ਦੀ ਮੌਜੂਦਾ ਵਿਵਸਥਾ ਬਦਲ ਦਿੱਤੀ ਗਈ ਹੈ। ਨਵੀਂ ਵਿਵਸਥਾ ਤਹਿਤ ਈ.ਪੀ.ਐਫ.ਓ. ਦਫ਼ਤਰ ਦੇਸ਼ ਭਰ ਵਿਚ ਉਸ ਦੇ ਕਿਸੇ ਵੀ ਖੇਤਰੀ ਦਫ਼ਤਰ ਤੋਂ ਕੀਤੇ ਗਏ ਦਾਅਵਿਆਂ ਦਾ ਨਿਪਟਾਰਾ ਕਰ ਸਕੇਗਾ।

ਉਦਾਹਰਣ ਦੇ ਤੌਰ 'ਤੇ ਜੇਕਰ ਤੁਸੀਂ ਚੰਡੀਗੜ੍ਹ ਵਿਚ ਰਹਿੰਦੇ ਹੋ ਅਤੇ ਤੁਹਾਡਾ ਦਫ਼ਤਰ ਵੀ ਚੰਡੀਗੜ੍ਹ ਵਿਚ ਹੈ ਅਤੇ ਤੁਹਾਡਾ ਖਾਤਾ ਵੀ ਚੰਡੀਗੜ੍ਹ ਪੀ.ਐਫ. ਦਫ਼ਤਰ ਦੇ ਅਧੀਨ ਆਉਂਦਾ ਹੈ ਤਾਂ ਪਹਿਲਾਂ ਤੁਹਾਡਾ ਪੀ.ਐਫ. ਕਲੇਮ ਸੈਟਲਮੈਂਟ ਚੰਡੀਗੜ੍ਹ ਤੋਂ ਹੀ ਹੁੰਦਾ ਸੀ। ਪਰ ਹੁਣ ਇਸ ਯੋਜਨਾ ਤਹਿਤ ਹੁਣ ਤੁਸੀਂ ਦੇਸ਼ ਵਿਚ ਕਿਸੇ ਵੀ ਜਗ੍ਹਾ 'ਤੇ ਪੀ.ਐਫ. ਦਫਤਰ ਜਾ ਕੇ ਉਥੋਂ ਪੈਸੇ ਕੱਢਵਾ ਸਕਦੇ ਹੋ।

ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਸ ਨਵੀਂ ਪਹਿਲ ਦੇ ਤਹਿਤ ਭਵਿੱਖ ਨਿਧੀ, ਪੈਨਸ਼ਨ ਫੰਡ, ਅੰਸ਼ਕ ਨਿਕਾਸੀ ਅਤੇ ਹੋਰ ਦਾਅਵਿਆਂ ਅਤੇ ਦਾਅਵੇ ਦੇ ਤਬਾਦਲੇ ਨਾਲ ਸਬੰਧਤ ਹਰ ਤਰ੍ਹਾਂ ਦੀਆਂ ਆਨਲਾਈਨ ਅਰਜ਼ੀਆਂ ਦੀ ਹੁਣ ਪ੍ਰੋਸੈਸਿੰਗ ਕਿਤੋਂ ਵੀ ਹੋ ਸਕੇਗੀ। ਇਸ ਨਾਲ ਦਾਅਵਿਆਂ ਦੇ ਭੁਗਤਾਨ ਵਿਚ ਲੱਗਣ ਵਾਲਾ ਸਮਾਂ ਘੱਟ ਹੋ ਜਾਏਗਾ, ਜਿਸ ਨਾਲ ਖਾਤਾਧਾਰਕਾਂ ਨੂੰ ਵੱਡੀ ਸਹੂਲਤ ਹੋਵੇਗੀ। ਰਿਪੋਰਟ ਮੁਤਾਬਕ  ਕੋਰੋਨਾ ਸੰਕਟ ਨੇ ਈ.ਪੀ.ਐਫ.ਓ. ਦੇ 135 ਖੇਤਰੀ ਦਫਤਰਾਂ ਵਿਚ ਕੰਮਕਾਜ਼ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੀ ਵਜ੍ਹਾ ਨਾਲ ਵੱਖ-ਵੱਖ ਤਰ੍ਹਾਂ ਦੇ ਦਾਅਵਿਆਂ ਦਾ ਨਿਪਟਾਨ ਪ੍ਰਭਾਵਿਤ ਹੋਇਆ ਹੈ।

ਮੰਤਰਾਲਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮੁੰਬਈ, ਠਾਣੇ, ਹਰਿਆਣਾ ਅਤੇ ਚੇਨੱਈ ਖੇਤਰ ਵਿਚ ਕਈ ਦਫ਼ਤਰ ਸੀਮਤ ਕਾਮਿਆਂ ਨਾਲ ਕੰਮ ਕਰ ਰਹੇ ਹਨ, ਜਦੋਂਕਿ ਦਾਅਵਿਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਇਸ ਨਾਲ ਇਨ੍ਹਾਂ ਦਫਤਰਾਂ ਵਿਚ ਲੰਬਿਤ ਦਾਅਵਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋ ਗਈ ਹੈ, ਜਿਸ ਦੇ ਚਲਦੇ ਉਨ੍ਹਾਂ ਦੇ ਨਿਪਟਾਰੇ ਵਿਚ ਦੇਰੀ ਹੋ ਰਹੀ ਹੈ। ਅਜਿਹੇ ਸਥਿਤੀ ਵਿਚ ਸਾਰੇ ਦਫਤਰਾਂ ਵਿਚ ਦਾਅਵਿਆਂ ਦੇ ਨਿਪਟਾਰੇ ਨਾਲ ਸਬੰਧ ਕੰਮ ਨੂੰ ਬਰਾਬਰ ਵੰਡ ਦੇਣ ਨਾਲ ਦੇਰੀ ਵਿਚ ਕਮੀ ਆਏਗੀ। ਇਨ੍ਹਾਂ ਕਾਰਨਾਂ ਦੇ ਚਲਦੇ ਭੂਗੋਲਿਕ ਅਧਿਕਾਰ ਖੇਤਰ ਦੀ ਮੌਜੂਦਾ ਵਿਵਸਥਾ ਬਦਲੀ ਗਈ ਹੈ, ਜਿਸ ਨਾਲ ਕਾਫ਼ੀ ਸਹੂਲਤ ਹੋਵੇਗੀ।

ਜ਼ਿਕਰਯੋਗ ਹੈ ਕਿ EPFO ਆਪਣੇ 135 ਖੇਤਰੀ ਦਫਤਰਾਂ ਜ਼ਰੀਏ 65 ਲੱਖ ਪੈਨਸ਼ਨਰਾਂ ਨੂੰ ਪੈਨਸ਼ਨ ਦਿੰਦਾ ਹੈ। EPFO ਦੇ ਅਧਿਕਾਰੀਆਂ ਅਤੇ ਕਾਮੇ ਰੋਜ਼ਾਨਾ 80 ਹਜ਼ਾਰ ਤੋਂ ਜ਼ਿਆਦਾ ਦੇ ਦਾਅਵਿਆਂ ਦਾ ਨਿਪਟਾਰਾ ਕਰ ਰਹੇ ਹਨ। ਅਜਿਹਾ 1 ਅਪ੍ਰੈਲ ਤੋਂ ਕੀਤਾ ਜਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਮਲਟੀ-ਲੋਕੇਸ਼ਨ ਕਲੇਮ ਸੁਵਿਧਾ ਨਾਲ EPFO ਆਪਣੇ 6 ਕਰੋੜ ਤੋਂ ਜ਼ਿਆਦਾ ਗਾਹਕਾਂ ਲਈ ਬਿਹਤਰ ਸੁਵਿਧਾ ਉਪਲੱਬਧ ਕਰਾਉਣ ਲਈ ਤਿਆਰ ਹੈ।


cherry

Content Editor cherry