ਆਰਥਿਕ ਵਾਧਾ ਦਰ 2021-22 ’ਚ 10-10.5 ਫੀਸਦੀ ਰਹੇਗੀ : ਬ੍ਰਿਕਵਰਕ
Tuesday, Nov 09, 2021 - 11:58 AM (IST)
ਬੇਂਗਲੁਰੂ– ਰੇਟਿੰਗ ਏਜੰਸੀ ਬ੍ਰਿਕਵਰਕ ਨੇ ਇਸ ਸਮੇਂ ਮਿਲ ਰਹੇ ਸੰਕੇਤਾਂ ਦੇ ਹਵਾਲੇ ਤੋਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਦੀ ਹਾਲਤ ’ਚ ਸੁਧਾਰ ਪਹਿਲਾਂ ਦੇ ਅਨੁਮਾਨਾਂ ਤੋਂ ਤੇਜ਼ ਰਫਤਾਰ ਨਾਲ ਹੋ ਰਿਹਾ ਹੈ ਅਤੇ ਚਾਲੂ ਵਿੱਤੀ ’ਚ ਆਰਥਿਕ ਵਾਧਾ ਦਰ 10 ਤੋਂ 10.5 ਫੀਸਦੀ ਤੱਕ ਹੋ ਸਕਦੀ ਹੈ। ਸਰਕਾਰ ਦੇ ਸੈਂਟਰਲ ਸਟੈਟਿਕਸ ਆਫਿਸ (ਸੀ. ਐੱਸ. ਓ.) ਨੇ ਚਾਲੂ ਵਿੱਤੀ ਸਾਲ ’ਚ ਵਾਧਾ ਦਰ 8.3 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਏਜੰਸੀ ਨੇ ਸਾਲ 2021-22 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ 2021) ਵਿਚ ਵਾਧਾ ਦਰ 8.3 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।
ਰਿਪੋਰਟ ਮੁਤਾਬਕ ਇਸ ਸਮੇਂ ਅਰਥਵਿਵਸਥਾ ਦੇ ਜ਼ਿਆਦਾਤਰ ਸੰਕੇਤਕ ਸਾਲਾਨਾ ਆਧਾਰ ’ਤੇ ਪਹਿਲਾਂ ਤੋਂ ਚੰਗਾ ਸੰਕੇਤ ਦੇ ਰਹੇ ਹਨ ਅਤੇ ਉਮੀਦ ਹੈ ਕਿ ਚਾਲੂ ਵਿੱਤੀ ਸਾਲ ’ਚ ਭਾਰਤ ਦਾ ਕੁੱਲ ਘਰੇਲੂ ਉਤਪਾਦ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਵੇਗਾ। ਬ੍ਰਿਕਵਰਕ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਲ 2021-22 ਦੀ ਦੂਜੀ ਤਿਮਾਹੀ ’ਚ ਆਰਥਿਕ ਵਿਕਾਸ ਦਰ ਸਾਲਾਨਾ ਆਧਾਰ ’ਤੇ 8.3 ਫੀਸਦੀ ਰਹੇਗੀ ਜਦ ਕਿ ਪਿਛਲੇ ਸਾਲ ਇਸ ’ਚ ਇਸ ਦੌਰਾਨ 7.4 ਫੀਸਦੀ ਦੀ ਗਿਰਾਵਟ ਆਈ ਸੀ। ਰੇਟਿੰਗ ਏਜੰਸੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਮੁੜ ਨਹੀਂ ਉੱਭਰੀ ਤਾਂ ਆਉਣ ਵਾਲੀਆਂ ਤਿਮਾਹੀਆਂ ’ਚ ਆਰਥਿਕ ਵਾਧਾ ਦਰ ਹੋਰ ਵੀ ਤੇਜ਼ ਹੋਵੇਗੀ।