ਹੁਣ ਫਲਿੱਪਕਾਰਟ, ਐਮਾਜ਼ੋਨ ਡਰੋਨ ''ਚ ਭੇਜਣਗੇ ਸਾਮਾਨ

Thursday, Nov 02, 2017 - 11:16 AM (IST)

ਨਵੀਂ ਦਿੱਲੀ— ਹੁਣ ਜਲਦ ਹੀ ਤੁਹਾਡੇ ਘਰ 'ਤੇ ਫਲਿੱਪਕਾਰਟ ਅਤੇ ਐਮਾਜ਼ੋਨ ਵਰਗੀਆਂ ਈ-ਕਾਮਰਸ ਕੰਪਨੀਆਂ ਡੋਰਨ ਜ਼ਰੀਏ ਸਾਮਾਨ ਦੀ ਡਲਿਵਰੀ ਕਰਨਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਤਿਆਰ ਨਵੀਂ ਨੀਤੀਆਂ ਦੇ ਖਾਕੇ 'ਚ ਇਸ ਦਾ ਪ੍ਰਸਤਾਵ ਹੈ। ਮੰਤਰਾਲੇ ਨੇ ਬੁੱਧਵਾਰ ਨੂੰ ਆਪਣੇ ਇਸ ਪ੍ਰਸਤਾਵ ਦਾ ਖੁਲਾਸਾ ਕੀਤਾ। ਹਵਾਬਾਜ਼ੀ ਸਕੱਤਰ ਆਰ. ਐੱਨ. ਚੌਬੇ ਨੇ ਕਿਹਾ ਕਿ ਨਵੇਂ ਨਿਯਮਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤ 'ਚ ਡਰੋਨ ਦੀ ਵਪਾਰਕ ਵਰਤੋਂ ਕੀਤੀ ਜਾ ਸਕੇਗੀ। ਪ੍ਰਸਤਾਵਿਤ ਨਿਯਮਾਂ ਮੁਤਾਬਕ 250 ਗ੍ਰਾਮ ਤੋਂ ਘੱਟ ਵਜ਼ਨ ਦੇ ਡਰੋਨ ਨੂੰ ਰਜਿਸਟਰੇਸ਼ਨ ਜਾਂ ਲਾਈਸੈਂਸ ਤੋਂ ਛੂਟ ਹੋਵੇਗੀ। ਹਾਲਾਂਕਿ ਇਨ੍ਹਾਂ ਨਿਯਮਾਂ 'ਚ ਕੁਝ ਇਲਾਕਿਆਂ 'ਚ ਸੁਰੱਖਿਆ ਦੇ ਮੱਦੇਨਜ਼ਰ ਡਰੋਨ ਦੀਆਂ ਉਡਾਣਾਂ 'ਤੇ ਰੋਕ ਵੀ ਰਹੇਗੀ। ਇਹ ਇਲਾਕੇ ਹੋਣਗੇ ਹਵਾਈ ਅੱਡੇ ਤੋਂ 5 ਕਿਲੋਮੀਟਰ ਦੇ ਦਾਇਰੇ 'ਚ, ਕੌਮਾਂਤਰੀ ਸਰਹੱਦ ਦੇ 50 ਕਿਲੋਮੀਟਰ ਦੇ ਅੰਦਰ, ਸਮੁੰਦਰੀ ਸਰਹੱਦ ਤੋਂ 500 ਮੀਟਰ ਦੇ ਦਾਇਰੇ 'ਚ, ਦਿੱਲੀ ਦੇ ਵਿਜੈ ਚੌਕ ਦੇ 5 ਕਿਲੋਮੀਟਰ ਦੇ ਦਾਇਰੇ 'ਚ ਡਰੋਨ ਦੇ ਉੱਡਣ ਦੀ ਮਨਾਹੀ ਹੋਵੇਗੀ। 

ਇਸ ਦੇ ਇਲਾਵਾ ਸੰਘਣੀ ਆਬਾਦੀ ਦੇ ਇਲਾਕਿਆਂ ਅਤੇ ਸੰਕਟਕਾਲੀਨ ਆਪ੍ਰੇਸ਼ਨ ਦੀ ਸੰਭਾਵਨਾ ਵਾਲੇ ਇਲਾਕਿਆਂ 'ਚ ਇਨ੍ਹਾਂ ਦਾ ਸੰਚਾਲਨ ਨਹੀਂ ਕੀਤਾ ਜਾ ਸਕੇਗਾ। ਪ੍ਰਸਤਾਵਿਤ ਨਿਯਮਾਂ 'ਚ ਡਰੋਨ ਨੂੰ 5 ਸ਼੍ਰੇਣੀਆਂ 'ਚ ਵੰਡਿਆ ਗਿਆ ਹੈ। ਸਭ ਤੋਂ ਹਲਕਾ ਜਾਂ ਨੈਨੋ ਡਰੋਨ 250 ਗ੍ਰਾਮ ਦਾ ਹੋਵੇਗਾ। ਇਸ ਤੋਂ ਵਧ ਵਜ਼ਨ ਵਾਲੇ ਡਰੋਨ ਦੀਆਂ 4 ਸ਼੍ਰੇਣੀਆਂ ਹੋਣਗੀਆਂ। ਇਹ ਹੋਣਗੇ 250 ਗ੍ਰਾਮ ਤੋਂ 2 ਕਿਲੋ, 2 ਤੋਂ 25 ਕਿਲੋਗ੍ਰਾਮ, 150 ਕਿਲੋਗ੍ਰਾਮ ਅਤੇ ਉਸ ਤੋਂ ਉਪਰ ਦੇ ਹੋਣਗੇ। ਉੱਥੇ ਹੀ ਸਾਰੇ ਡਰੋਨਜ਼ ਨੂੰ ਸਿਰਫ 200 ਫੁੱਟ ਤੋਂ ਹੇਠਾਂ ਹੀ ਉਡਾਣ ਭਰਨ ਦੀ ਇਜ਼ਾਜਤ ਹੋਵੇਗੀ।


Related News