ਲੱਖਾਂ ਤੋਂ ਸ਼ੁਰੂ ਹੋਇਆ PGI ਦਾ ਆਨਲਾਈਨ ਡੋਨੇਸ਼ਨ, ਹੁਣ ਕਰੋੜਾਂ ’ਚ ਪੁੱਜਾ
Wednesday, Sep 11, 2024 - 01:25 PM (IST)
ਚੰਡੀਗੜ੍ਹ, (ਪਾਲ) : ਪੀ. ਜੀ. ਆਈ. ਦਾ ਪੂਅਰ ਪੇਸ਼ੈਂਟ ਅਸਿਸਟੈਂਸ ਸੈੱਲ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਆਰਥਿਕ ਰੂਪ ਤੋਂ ਕਮਜ਼ੋਰ ਮਰੀਜ਼ਾਂ ਦੀ ਮਦਦ ਕਰਦਾ ਆ ਰਿਹਾ ਹੈ। ਐਕਸੀਡੈਂਟ, ਟ੍ਰਾਮਾ, ਐਮਰਜੈਂਸੀ, ਕਿਡਨੀ ਅਤੇ ਵਾਰਡਾਂ ’ਚ ਦਾਖ਼ਲ ਗੰਭੀਰ ਮਰੀਜ਼ਾਂ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ। ਪੀ. ਜੀ. ਆਈ. ਨੇ ਸਾਲ 2018 ’ਚ ਆਨਲਾਈਨ ਡੋਨੇਸ਼ਨ ਸ਼ੁਰੂ ਕੀਤਾ ਸੀ। ਸ਼ੁਰੂਆਤ ’ਚ ਡੋਨੇਸ਼ਨ ਲੱਖਾਂ ’ਚ ਆਉਂਦਾ ਸੀ। ਇਸ ਦੇ ਨਾਲ ਹੀ ਸਾਲ 2023 ਤੋਂ 2024 ’ਚ ਆਨਲਾਈਨ ਡੋਨੇਸ਼ਨ ਕਰੋੜਾਂ ਤੱਕ ਪਹੁੰਚ ਗਿਆ, ਜੋ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਸ ਸਮੇਂ ਦੌਰਾਨ 2,31,49,766 ਰੁਪਏ ਆਨਲਾਈਨ ਡੋਨੇਸ਼ਨ ਰਾਹੀਂ ਪ੍ਰਾਪਤ ਹੋਏ। ਹਾਈਕੋਰਟ ਨੇ ਵੀ ਜੁਰਮਾਨੇ ਵਾਲੇ ਲੋਕਾਂ ਨੂੰ ਵੀ ਗ਼ਰੀਬ ਮਰੀਜ਼ ਫੰਡ ’ਚ ਜੁਰਮਾਨਾ ਜਮ੍ਹਾਂ ਕਰਨ ਦਾ ਨਿਰਦੇਸ਼ ਦਿੱਤਾ ਹੋਇਆ ਹੈ, ਜੋ ਮਰੀਜ਼ਾਂ ਦੇ ਇਲਾਜ 'ਤੇ ਖ਼ਰਚਿਆ ਜਾਂਦਾ ਹੈ।
ਹਰ ਸਾਲ 10 ਹਜ਼ਾਰ ਤੋਂ ਵੱਧ ਮਰੀਜ਼ਾਂ ਨੂੰ ਮਿਲਦੀ ਹੈ ਮਦਦ
ਪੂਅਰ ਪੇਸ਼ੈਂਟ ਸੈੱਲ ਹਰ ਸਾਲ ਗ਼ਰੀਬੀ ਰੇਖਾ ਤੋਂ ਹੇਠਾਂ 10 ਹਜ਼ਾਰ ਮਰੀਜ਼ਾਂ ਦਾ ਖ਼ਰਚਾ ਹੀ ਨਹੀਂ ਚੁੱਕਦਾ, ਸਗੋਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦੇਣ ’ਚ ਵੀ ਮਦਦ ਕਰ ਰਿਹਾ ਹੈ। ਪਬਲਿਕ ਡੋਨੇਸ਼ਨ, ਸਰਕਾਰੀ ਗ੍ਰਾਂਟ ਤੇ ਪੇਸ਼ੈਂਟ ਹਦਾਇਤਾਂ ਰਾਹੀਂ ਗ਼ਰੀਬੀ ਰੇਖਾ ਤੋਂ ਹੇਠਾਂ ਇਨ੍ਹਾਂ ਮਰੀਜ਼ਾਂ ਦੀ ਮਦਦ ਕੀਤੀ ਜਾਂਦੀ ਹੈ। ਐਕਸੀਡੈਂਟਲ, ਟ੍ਰਾਮਾ, ਐਮਰਜੈਂਸੀ, ਕਿਡਨੀ, ਵਾਰਡਾਂ ’ਚ ਦਾਖ਼ਲ ਗੰਭੀਰ ਮਰੀਜ਼, ਨਿਊਰੋ ਨਾਲ ਸਬੰਧਿਤ ਬਿਮਾਰੀਆਂ ਦੇ ਨਾਲ-ਨਾਲ ਹੋਰ ਕਈ ਬਿਮਾਰੀਆਂ ਤੋਂ ਪੀੜਤ ਗ਼ਰੀਬ ਮਰੀਜ਼ਾਂ ਦੀ ਇਸ ਸੈੱਲ ਵੱਲੋਂ ਮਦਦ ਕੀਤੀ ਜਾਂਦੀ ਹੈ ਪਰ ਪੀ.ਜੀ.ਆਈ. ਪ੍ਰਸ਼ਾਸਨ ਦੀ ਪਹਿਲ ਐਮਰਜੈਂਸੀ ਤੇ ਜਾਨਲੇਵਾ ਬਿਮਾਰੀਆਂ ਤੋਂ ਮਰੀਜ਼ਾਂ ਦੀ ਜਾਨ ਬਚਾਉਣਾ ਹੈ।