ਪਤੰਜਲੀ ਯੋਗ ਗ੍ਰਾਮ ਦੀਆਂ 20 ਫਰਜ਼ੀ ਵੈੱਬਸਾਈਟਾਂ ਬਣਾ ਕੇ ਠੱਗੀ, 3 ਗ੍ਰਿਫਤਾਰ

Sunday, Nov 13, 2022 - 11:11 AM (IST)

ਨਵੀਂ ਦਿੱਲੀ (ਭਾਸ਼ਾ) - ਖੁਦ ਨੂੰ ਉਤਰਾਖੰਡ ਦੇ ਹਰਿਦੁਆਰ ਸਥਿਤ ਪਤੰਜਲੀ ਯੋਗ ਗ੍ਰਾਮ ਦਾ ਪ੍ਰਤੀਨਿਧੀ ਦਿਖਾ ਕੇ ਆਯੁਰਵੈਦਿਕ ਇਲਾਜ ਕਰਵਾਉਣ ਵਾਲੇ ਲੋਕਾਂ ਨੂੰ ਠੱਗਣ ਦੇ ਦੋਸ਼ ’ਚ ਬਿਹਾਰ ਦੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਤੰਜਲੀ ਯੋਗ ਗ੍ਰਾਮ ਦੀਆਂ 20 ਫਰਜ਼ੀ ਵੈੱਬਸਾਈਟਾਂ ਦੀ ਪਛਾਣ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਬਲਾਕ ਕਰਨ ਲਈ ਉਨ੍ਹਾਂ ਦੇ ਵੇਰਵੇ ਨੈਸ਼ਨਲ ਇੰਟਰਨੈੱਟ ਐਕਸਚੇਂਜ ਆਫ ਇੰਡੀਆ ਨੂੰ ਭੇਜ ਦਿੱਤੇ ਗਏ ਹਨ।

ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਿੰਦਰ ਕੁਮਾਰ (25), ਰਮੇਸ਼ ਪਟੇਲ (31) ਅਤੇ ਆਸ਼ੀਸ਼ ਕੁਮਾਰ (22) ਵਜੋਂ ਹੋਈ ਹੈ, ਜੋ ਬਿਹਾਰ ਦੇ ਰਹਿਣ ਵਾਲੇ ਹਨ। ਉਸ ਮੁਤਾਬਕ ਹਰਿੰਦਰ ਵੈੱਬਸਾਈਟ ਦਾ ਨਿਰਮਾਤਾ ਹੈ ਅਤੇ ਉਸ ਨੇ ਲੋਕਾਂ ਨੂੰ ਠੱਗਣ ਲਈ ਫਰਜ਼ੀ ਵੈੱਬਸਾਈਟ ਬਣਾਈ ਸੀ। ਨਿਤਿਨ ਸ਼ਰਮਾ ਨਾਂ ਦੇ ਇਕ ਵਿਅਕਤੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਆਪਣੇ ਬੇਟੇ ਦਾ ਆਯੁਰਵੈਦਿਕ ਇਲਾਜ ਕਰਵਾਉਣਾ ਚਾਹੁੰਦਾ ਸੀ ਅਤੇ ਉਸ ਨੂੰ ਇੰਟਰਨੈੱਟ ’ਤੇ ਇਕ ਮੋਬਾਇਲ ਨੰਬਰ ਮਿਲਿਆ ਸੀ। ਸ਼ਰਮਾ ਮੁਤਾਬਕ ਜਦੋਂ ਉਨ੍ਹਾਂ ਨੇ ਇਸ ਨੰਬਰ ’ਤੇ ਕਾਲ ਕੀਤੀ ਤਾਂ ਦੂਜੇ ਪਾਸਿਓਂ ਇਕ ਵਿਅਕਤੀ ਨੇ ਆਪਣੀ ਪਛਾਣ ਪਤੰਜਲੀ ਨਾਲ ਜੁੜੇ ਡਾ. ਸੁਨੀਲ ਗੁਪਤਾ ਵਜੋਂ ਕਰਵਾਈ ਅਤੇ ਉਸ ਨੂੰ ਰਜਿਸਟਰੇਸ਼ਨ ਫੀਸ ਵਜੋਂ 10,000 ਰੁਪਏ ਦੇਣ ਲਈ ਕਿਹਾ। ਸ਼ਰਮਾ ਮੁਤਾਬਕ ਉਸ ਨੂੰ ਕਈ ਵਾਰ ਪੈਸੇ ਦੇਣ ਲਈ ਕਿਹਾ ਗਿਆ ਅਤੇ ਇਸ ਤਰ੍ਹਾਂ ਉਸ ਤੋਂ 2,40,500 ਰੁਪਏ ਦੀ ਵਸੂਲੀ ਕੀਤੀ ਗਈ।


Harinder Kaur

Content Editor

Related News